- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਕਚਹਿਰੀ ਚੌਕ ਤੋਂ ਗੁਰੂ ਰਵਿਦਾਸ ਚੌਕ ਵਿਚਕਾਰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਤੇ ਖਾਕੀ ਵਰਦੀ ਸ਼ੱਕ ਦੇ ਘੇਰੇ 'ਚ ਆ ਗਈ, ਜਦੋਂ ਪਿੰਡ ਬਦਰਾ ਦੇ ਕੁਝ ਨੌਜਵਾਨਾਂ ਨੇ ਇੱਕ ਵਰਦੀਧਾਰੀ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਉਸ ਦੀ ਜੇਬ ਵਿੱਚੋਂ ਚਿੱਟੇ ਦੀਆਂ ਪੁੜੀਆਂ ਫੜਨ ਦਾ ਦਾਅਵਾ ਕੀਤਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਦੇ ਕਚਹਿਰੀ ਚੌਕ ਤੋਂ ਗੁਰੂ ਰਵਿਦਾਸ ਚੌਕ ਵਿਚਕਾਰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਤੇ ਖਾਕੀ ਵਰਦੀ ਸ਼ੱਕ ਦੇ ਘੇਰੇ 'ਚ ਆ ਗਈ, ਜਦੋਂ ਪਿੰਡ ਬਦਰਾ ਦੇ ਕੁਝ ਨੌਜਵਾਨਾਂ ਨੇ ਇੱਕ ਵਰਦੀਧਾਰੀ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਉਸ ਦੀ ਜੇਬ ਵਿੱਚੋਂ ਚਿੱਟੇ ਦੀਆਂ ਪੁੜੀਆਂ ਫੜਨ ਦਾ ਦਾਅਵਾ ਕੀਤਾ।
ਇਸ ਮੌਕੇ ਸੜਕ 'ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਨੌਜਵਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਧਨੌਲਾ ਰੋਡ 'ਤੇ ਟਰੈਕਟਰਾਂ ਦੀ ਏਜੰਸੀ ਕੋਲੋਂ ਇਸ ਮੁਲਾਜ਼ਮ ਨੂੰ ਚਿੱਟਾ ਲੈਂਦਿਆਂ ਦੇਖ ਕੇ ਪਿੱਛੇ ਲੱਗੇ ਸਨ। ਉੱਥੇ ਹੀ, ਫੜੇ ਗਏ ਪੁਲਿਸ ਮੁਲਾਜ਼ਮ ਨੇ ਪਹਿਲਾਂ ਤਾਂ ਸਾਰੇ ਦੋਸ਼ ਨਕਾਰਦਿਆਂ ਆਖਿਆ ਕਿ ਇਹ ਪੁੜੀਆਂ ਤਾਂ ਨੌਜਵਾਨਾਂ ਦੀਆਂ ਆਪਣੀਆਂ ਹਨ, ਪਰ ਮੌਕੇ 'ਤੇ ਪੱਤਰਕਾਰਾਂ ਦੀ ਪੁੱਛਗਿੱਛ ਦੌਰਾਨ ਉਸ ਦਾ ਝੂਠ ਫੜਿਆ ਗਿਆ ਕਿਉਂਕਿ ਉਹ ਅਸਲ ਵਿੱਚ ਜੱਜ ਸਾਹਿਬ ਦੀ ਗਾਰਦ 'ਤੇ ਤਾਇਨਾਤ ਹੈ, ਨਾ ਕਿ ਕਿਸੇ ਨਸ਼ਾ ਤਸਕਰ ਨੂੰ ਫੜਨ ਵਾਲੀ ਡਿਊਟੀ 'ਤੇ।
ਲੋਕਾਂ ਨੇ ਐੱਸਪੀਡੀ ਨੂੰ ਸੌਂਪੀਆਂ ਪੁੜੀਆਂ
ਜਦੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਨੌਜਵਾਨਾਂ ਨੂੰ ਥਾਣੇ ਲਿਜਾਣ ਲੱਗੀ, ਤਾਂ ਨੌਜਵਾਨਾਂ ਨੇ ਥਾਣੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਚਿੱਟੇ ਦੀਆਂ ਪੁੜੀਆਂ ਉੱਥੇ ਮੌਜੂਦ ਲੋਕਾਂ ਨੂੰ ਫੜਾ ਕੇ, ਭਾਰੀ ਭੀੜ ਨਾਲ ਸਿੱਧੇ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਪਹੁੰਚ ਗਏ। ਉੱਥੇ ਜਾ ਕੇ ਉਨ੍ਹਾਂ ਨੇ ਸਾਰੀਆਂ ਪੁੜੀਆਂ ਐੱਸਪੀਡੀ ਸੰਜੀਵ ਗੋਇਲ ਦੇ ਹਵਾਲੇ ਕਰ ਦਿੱਤੀਆਂ। ਐੱਸਪੀਡੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਨਸ਼ਿਆਂ ਖਿਲਾਫ਼ ਲੜ ਰਹੇ ਹਨ ਅਤੇ ਪਰਵਿੰਦਰ ਸਿੰਘ ਝੋਟੇ ਵਾਲੇ ਮਸਲੇ ਤੋਂ ਪ੍ਰੇਰਿਤ ਹੋ ਕੇ ਇਸ ਨਸ਼ੇ ਦੇ ਸੌਦੇਬਾਜ਼ ਪਿੱਛੇ ਲੱਗੇ ਸਨ।
ਨਸ਼ਿਆਂ ਦੇ ਮਾਮਲੇ 'ਚ ਕਿਸੇ ਨੂੰ ਛੋਟ ਨਹੀਂ : ਐੱਸਐੱਸਪੀ
ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਸਾਫ਼ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਵੇਚਣ ਜਾਂ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕੋਈ ਪੁਲਿਸ ਮੁਲਾਜ਼ਮ ਹੋਵੇ ਜਾਂ ਕਿਸੇ ਹੋਰ ਵਿਭਾਗ ਦਾ ਅਧਿਕਾਰੀ। ਮਾਮਲੇ ਦੀ ਜਾਂਚ ਐੱਸਪੀਡੀ ਵੱਲੋਂ ਖ਼ੁਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ੇ ਖਿਲਾਫ ਬਿੱਡੀ ਮੁਹਿਮ ਤਹਿਤ ਕਾਰਵਾਈ ਯਕੀਨੀ ਹੈ ਚਾਹੇ ਉਹ ਕੋਈ ਪੁਲਿਸ ਮੁਲਾਜ਼ਮ ਹੀ ਕਿਉਂ ਨਾ ਹੋਵੇ।
ਪੁਲਿਸ ਮੁਲਾਜ਼ਮ ਖਿਲਾਫ਼ ਹੋਵੇਗੀ ਕਾਰਵਾਈ : ਐੱਸਪੀਡੀ
ਐੱਸਪੀਡੀ ਸੰਦੀਪ ਗੋਇਲ ਨੇ ਦੱਸਿਆ ਕਿ ਕਚਹਿਰੀ ਚੌਂਕ ਵਿੱਚ ਜੱਜਾਂ ਦੀ ਇਮਾਰਤ 'ਤੇ ਗਾਰਦ ਵਜੋਂ ਤਾਇਨਾਤ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥਾਣਾ ਸਿਟੀ ਦੋ ਦੇ ਮੁਖੀ ਚਰਨਜੀਤ ਸਿੰਘ ਵੱਲੋਂ ਲੋਕਾਂ ਦੇ ਬਿਆਨ ਕਲਮਬੱਧ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਿਸੇ ਵੀ ਹਾਲਤ ਵਿੱਚ ਰਿਆਇਤ ਨਹੀਂ ਦਿੱਤੀ ਜਾਵੇਗੀ।