- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਮਸ਼ਹੂਰ ਸੈਕਰਡ ਹਾਰਟ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਧਮਕੀ ਭਰੀ ਈਮੇਲ ਆਉਂਦਿਆਂ ਹੀ ਸਕੂਲ ਦੇ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਦੇ ਮਸ਼ਹੂਰ ਸੈਕਰਡ ਹਾਰਟ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਧਮਕੀ ਭਰੀ ਈਮੇਲ ਆਉਂਦਿਆਂ ਹੀ ਸਕੂਲ ਦੇ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ।
ਖ਼ਬਰ ਮਿਲਦਿਆਂ ਸਾਰ ਹੀ ਥਾਣਾ ਸਿਟੀ ਬਰਨਾਲਾ ਦੀ ਪੁਲਿਸ, ਸਾਈਬਰ ਸੈੱਲ ਅਤੇ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਏ ਅਤੇ ਪੂਰੇ ਸਕੂਲ ਦੀ ਕੋਨੇ-ਕੋਨੇ ਤੋਂ ਛਾਣਬੀਣ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਜਿਵੇਂ ਹੀ ਧਮਕੀ ਦੀ ਖ਼ਬਰ ਫੈਲੀ, ਜਾਨ-ਮਾਲ ਦੇ ਬਚਾਅ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਸਾਵਧਾਨੀ ਵਜੋਂ ਵੇਲੇ ਤੋਂ ਪਹਿਲਾਂ ਹੀ ਛੁੱਟੀ ਕਰਕੇ ਬੱਚਿਆਂ ਨੂੰ ਘਰਾਂ ਨੂੰ ਤੋਰ ਦਿੱਤਾ। ਪੁਲਿਸ ਵਲੋਂ ਕੀਤੀ ਲੰਮੀ ਜਾਂਚ-ਪੜਤਾਲ ਤੋਂ ਬਾਅਦ ਸਕੂਲ ਦੇ ਅੰਦਰੋਂ ਕੋਈ ਵੀ ਮਾੜੀ ਜਾਂ ਸ਼ੱਕੀ ਚੀਜ਼ ਨਹੀਂ ਮਿਲੀ, ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਇਸ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਬਰਨਾਲਾ ਦੇ ਐੱਸ.ਐੱਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੌਣੇ ਕੁ ਬਾਰ੍ਹਾਂ ਵਜੇ ਸਕੂਲ ਦੀ ਈਮੇਲ 'ਤੇ ਇੱਕ ਸੁਨੇਹਾ ਆਇਆ ਸੀ, ਜਿਸ ਵਿੱਚ ਸਕੂਲ ਅੰਦਰ ਆਈਈਡੀ ਬੰਬ ਫਿੱਟ ਕਰਨ ਅਤੇ ਉਸ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਖ਼ਬਰ ਮਿਲਦੇ ਸਾਰ ਹੀ ਪੁਲਿਸ ਦੀਆਂ ਗੱਡੀਆਂ ਸਕੂਲ ਵੱਲ ਦੌੜ ਪਈਆਂ। ਐਂਟੀ-ਸਾਬੋਟਾਜ ਟੀਮ ਨੇ ਪੂਰੇ ਸਕੂਲ ਵਿਹੜੇ ਦੀ ਚੈਕਿੰਗ ਕੀਤੀ ਅਤੇ ਸਾਈਬਰ ਟੀਮ ਨੂੰ ਈਮੇਲ ਭੇਜਣ ਵਾਲੇ ਦਾ ਸੁਰਾਗ ਲਾਉਣ ਲਈ ਕੰਮ 'ਤੇ ਲਾ ਦਿੱਤਾ ਗਿਆ ਹੈ। ਫਿਲਹਾਲ ਪੜਤਾਲ ਦਰਮਿਆਨ ਕੋਈ ਖ਼ਤਰੇ ਵਾਲੀ ਗੱਲ ਸਾਹਮਣੇ ਨਹੀਂ ਆਈ।
ਐੱਸ.ਐੱਚ.ਓ. ਨੇ ਆਖਿਆ ਕਿ ਪੁਲਿਸ ਤਕਨੀਕੀ ਪੱਖਾਂ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡੀ ਪਹਿਲ ਸੀ, ਜਿਸ ਕਰਕੇ ਸਕੂਲ ਵੱਲੋਂ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ। ਹੁਣ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਸਕੂਲ ਦਾ ਕੰਮਕਾਜ ਪਹਿਲਾਂ ਵਾਂਗ ਹੀ ਨਿਯਮਤ ਚੱਲੇਗਾ।
ਸ਼ਰਾਰਤੀ ਅਨਸਰਾਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਐਸਐਸਪੀ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਜਦ ਹੀ ਉਨ੍ਹਾਂ ਨੂੰ ਸਕੂਲ 'ਚ ਈਮੇਲ ਆਉਣ ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇਤਲਾਅ ਮਿਲੀ ਤਾਂ ਉਨਾਂ ਨੇ ਤੁਰੰਤ ਹੀ ਥਾਣਾ ਸਿਟੀ ਵਨ ਦੀ ਫੁਹਾਰੀ ਗਿਣਤੀ ਵਿੱਚ ਫੋਰਸ ਨੂੰ ਭੇਜ ਕੇ ਬੱਚਿਆਂ ਨੂੰ ਸੁਰੱਖਿਅਤ ਘਰੋਂ ਘਰੀ ਪਹੁੰਚਾਉਣ ਅਤੇ ਪੂਰੀ ਸਕੂਲ ਦੀ ਇਮਾਰਤ ਦਾ ਘਰ ਪਹਿਲੂ ਨਾਲ ਜਾਂਚ ਪੜਤਾਲ ਕਰਕੇ ਇਸ ਅਫਵਾਹ ਫੈਲਾਉਣ ਵਾਲੇ ਅਤੇ ਈਮੇਲ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਸਐਸਪੀ ਬਰਨਾਲਾ ਨੇ ਦੱਸਿਆ ਕਿ ਇਹ ਬਰਨਾਲਾ ਜ਼ਿਲ੍ਹੇ ਵਿੱਚ ਦੂਜੀ ਵਾਰ ਘਟਨਾ ਵਾਪਰੀ ਹੈ। ਪਹਿਲਾਂ ਵੀ ਇੱਕ ਈਮੇਲ ਰਾਹੀਂ ਚਾਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ। ਇਸ ਦੂਜੀ ਵਾਰ ਆਈ ਘਟਨਾ 'ਤੇ ਜਲਦੀ ਹੀ ਸ਼ਰਾਰਤੀ ਅਨਸਰਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।