ਕੌਣ ਹੈ 'Guptaji Ki Ladkee'? ਬਾਇਓਟੈੱਕ ਇੰਜੀਨੀਅਰਿੰਗ ਛੱਡ ਬਣੀ ਲੋਕ ਸੱਭਿਆਚਾਰ ਦੀ ਆਵਾਜ਼, PMO ਤਕ ਪਹੁੰਚੀ ਕਹਾਣੀ
Instagram 'ਤੇ ਉਨ੍ਹਾਂ ਦੇ 68 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਉਨ੍ਹਾਂ ਦੇ ਕੰਮ ਦੀ ਸੋਸ਼ਲ ਕੈਚਅੱਪ ਸਮੇਤ ਕਈ ਰਾਸ਼ਟਰੀ ਪਲੇਟਫਾਰਮਾਂ ਨੇ ਸ਼ਲਾਘਾ ਕੀਤੀ ਹੈ। ਰਾਜਸਥਾਨ ਦੇ ਪ੍ਰਸਿੱਧ ਲੋਕ ਗਾਇਕ ਮਾਮੇ ਖ਼ਾਨ ਨੇ ਵੀ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਨਿੱਜੀ ਤੌਰ 'ਤੇ ਸੰਦੇਸ਼ ਭੇਜਿਆ ਸੀ।
Publish Date: Sun, 25 Oct 2026 12:20 PM (IST)
Updated Date: Sun, 25 Oct 2026 12:26 PM (IST)
ਡਾ. ਚੰਦਨ ਸ਼ਰਮਾ, ਰਾਂਚੀ : ਝਾਰਖੰਡ ਦੇ ਚੱਕਰਧਰਪੁਰ ਦੀ ਰਹਿਣ ਵਾਲੀ ਪ੍ਰਿਯਮ ਗੁਪਤਾ ਨੇ ਬਾਇਓਟੈਕਨਾਲੋਜੀ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਲੈਬ ਦਾ ਰਾਹ ਛੱਡ ਕੇ ਲੋਕ ਸੱਭਿਆਚਾਰ ਦੀ ਰਾਹ ਚੁਣੀ। ਪ੍ਰਿਯਮ ਵੱਲੋਂ ਕਵਰ ਕੀਤੀ ਗਈ ਇਕ ਲੋਕ ਕਹਾਣੀ 'ਤੇ ਬਣੀ ਫ਼ਿਲਮ 'Humans in the Loop' ਨੂੰ ਬਾਅਦ 'ਚ ਨੈੱਟਫਲਿਕਸ 'ਤੇ ਵੀ ਜਗ੍ਹਾ ਮਿਲੀ। ਇੰਟਰਨੈੱਟ ਦੀ ਦੁਨੀਆ 'ਚ ਉਹ @guptajikiladkee ਦੇ ਨਾਂ ਨਾਲ ਜਾਣੀ ਜਾਂਦੀ ਹੈ। ਅੱਜ ਉਨ੍ਹਾਂ ਦੀ ਪਛਾਣ ਭਾਰਤ ਦੀ ਲੋਕ ਵਿਰਾਸਤ ਨੂੰ ਡਿਜੀਟਲ ਰੂਪ 'ਚ ਸਾਂਭਣ ਵਾਲੀਆਂ ਪ੍ਰਮੁੱਖ ਆਵਾਜ਼ਾਂ 'ਚ ਹੋ ਰਹੀ ਹੈ।
ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 68 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਉਨ੍ਹਾਂ ਦੇ ਕੰਮ ਦੀ ਸੋਸ਼ਲ ਕੈਚਅੱਪ ਸਮੇਤ ਕਈ ਰਾਸ਼ਟਰੀ ਪਲੇਟਫਾਰਮਾਂ ਨੇ ਸ਼ਲਾਘਾ ਕੀਤੀ ਹੈ। ਰਾਜਸਥਾਨ ਦੇ ਪ੍ਰਸਿੱਧ ਲੋਕ ਗਾਇਕ ਮਾਮੇ ਖ਼ਾਨ ਨੇ ਵੀ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਨਿੱਜੀ ਤੌਰ 'ਤੇ ਸੰਦੇਸ਼ ਭੇਜਿਆ ਸੀ।
ਬਚਪਨ ਤੋਂ ਹੀ ਲੋਕ ਸੱਭਿਆਚਾਰ ਨਾਲ ਜੁੜਾਅ
ਪ੍ਰਿਯਮ ਦਾ ਬਚਪਨ ਸਾਂਝੇ ਪਰਿਵਾਰ 'ਚ ਬੀਤਿਆ। ਉਹ ਦੱਸਦੀ ਹੈ ਕਿ ਉਨ੍ਹਾਂ ਦੇ ਘਰ 'ਚ ਦੀਵਾਲੀ, ਛੱਠ ਪੂਜਾ, ਬਸੇੜਾ ਅਤੇ ਬਛਬਰਸ ਵਰਗੇ ਤਿਉਹਾਰ ਸਿਰਫ਼ ਪੂਜਾ-ਪਾਠ ਤਕ ਸੀਮਤ ਨਹੀਂ ਸਨ, ਸਗੋਂ ਪੂਰੇ ਪਰਿਵਾਰ ਤੇ ਮੁਹੱਲੇ ਦੇ ਲੋਕਾਂ ਦੇ ਇਕੱਠੇ ਹੋਣ ਦਾ ਜਸ਼ਨ ਹੁੰਦੇ ਸਨ। ਇਨ੍ਹਾਂ ਤਿਉਹਾਰਾਂ ਨੇ ਹੀ ਉਨ੍ਹਾਂ ਦੇ ਮਨ 'ਚ ਲੋਕ ਸੱਭਿਆਚਾਰ ਪ੍ਰਤੀ ਉਤਸੁਕਤਾ ਦੇ ਪਹਿਲੇ ਬੀਜ ਬੀਜੇ।
ਅਸਾਮ ਦੇ ਗੁੰਜੁੰਗ ਪਿੰਡ ਨੇ ਦਿਖਾਇਆ ਨਵਾਂ ਰਾਹ
ਪ੍ਰਿਯਮ ਦੀ ਜ਼ਿੰਦਗੀ 'ਚ ਫ਼ੈਸਲਾਕੁੰਨ ਮੋੜ ਅਸਾਮ ਦੇ ਦੂਰ-ਦੁਰਾਡੇ ਸਥਿਤ ਗੁੰਜੁੰਗ ਪਿੰਡ 'ਚ ਆਇਆ। ਉੱਥੇ ਉਨ੍ਹਾਂ ਪਿੰਡ ਵਾਸੀਆਂ ਨੂੰ ਬੇਹੱਦ ਮਿੱਠੇ ਲੋਕ ਗੀਤ ਗਾਉਂਦਿਆਂ ਸੁਣਿਆ। ਉਤਸੁਕਤਾ ਵੱਸ ਜਦੋਂ ਉਨ੍ਹਾਂ ਨੇ ਗੀਤਾਂ ਦਾ ਅਰਥ ਪੁੱਛਿਆ ਤਾਂ ਪਿੰਡ ਵਾਸੀਆਂ ਨੇ ਜਵਾਬ ਦਿੱਤਾ, 'ਸਾਨੂੰ ਇਨ੍ਹਾਂ ਦਾ ਅਰਥ ਨਹੀਂ ਪਤਾ। ਜਿਹੜੇ ਲੋਕ ਇਨ੍ਹਾਂ ਦਾ ਅਰਥ ਜਾਣਦੇ ਸਨ, ਉਹ ਜਾਂ ਤਾਂ ਬਹੁਤ ਬਜ਼ੁਰਗ ਹੋ ਗਏ ਹਨ ਜਾਂ ਹੁਣ ਇਸ ਦੁਨੀਆ 'ਚ ਨਹੀਂ ਰਹੇ।'
ਪ੍ਰਿਯਮ ਦੱਸਦੀ ਹੈ ਕਿ ਇਹ ਗੱਲ ਉਨ੍ਹਾਂ ਦੇ ਮਨ 'ਚ ਘਰ ਕਰ ਗਈ। ਉਸੇ ਦਿਨ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਅਲੋਪ ਹੋ ਰਹੇ ਗੀਤਾਂ, ਭਾਸ਼ਾਵਾਂ ਅਤੇ ਮੌਖਿਕ ਇਤਿਹਾਸ ਨੂੰ ਵਿਵਸਥਿਤ ਤਰੀਕੇ ਨਾਲ ਦਰਜ ਕੀਤਾ ਜਾਵੇ, ਇਸ ਤੋਂ ਪਹਿਲਾਂ ਕਿ ਇਹ ਹਮੇਸ਼ਾ ਲਈ ਖ਼ਤਮ ਹੋ ਜਾਣ।
ਔਰਤਾਂ ਨੇ ਸਾਂਭ ਕੇ ਰੱਖੇ ਲੋਕ ਗੀਤ, ਇਨ੍ਹਾਂ ਦੇ ਚਾਰ ਰੂਪਾਂ ਦਾ ਕੀਤਾ ਜ਼ਿਕਰ
ਆਪਣੀ ਖੋਜ ਦੌਰਾਨ ਪ੍ਰਿਯਮ ਨੇ ਦੱਸਿਆ ਕਿ ਭਾਰਤੀ ਲੋਕ ਗੀਤਾਂ ਨੂੰ ਸਦੀਆਂ ਤੋਂ ਔਰਤਾਂ ਨੇ ਹੀ ਜਿਉਂਦਾ ਰੱਖਿਆ ਹੈ।
1. ਪਨਿਹਾਰੀ ਗੀਤ: ਪਾਣੀ ਭਰਨ ਜਾਂਦੇ ਸਮੇਂ ਗਾਏ ਜਾਣ ਵਾਲੇ ਗੀਤ।
2. ਚਰਖਾ ਗੀਤ: ਚਰਖੇ 'ਤੇ ਸੂਤ ਕੱਤਦਿਆਂ ਗਾਏ ਜਾਣ ਵਾਲੇ ਗੀਤ।
3. ਵਿਰਹ ਗੀਤ: ਆਪਣੇ ਪਿਆਰੇ ਦੀ ਉਡੀਕ 'ਚ ਗਾਏ ਜਾਣ ਵਾਲੇ ਗੀਤ, ਜਿਵੇਂ ਰਾਜਸਥਾਨ ਦਾ ਪ੍ਰਸਿੱਧ ਗੀਤ 'ਕੇਸਰੀਆ ਬਾਲਮ'।
4. ਜਾਂਤਸਾਰ ਗੀਤ: ਭੋਜਪੁਰੀ ਖੇਤਰ 'ਚ ਜਾਂਤਾ ਯਾਨੀ ਹੱਥ ਨਾਲ ਚੱਲਣ ਵਾਲੀ ਚੱਕੀ 'ਤੇ ਕਣਕ ਪੀਂਹਦਿਆਂ ਗਾਏ ਜਾਣ ਵਾਲੇ ਗੀਤ, ਜਿਵੇਂ 'ਸੂਨ-ਸੂਨ ਲਾਗੇ ਗਰਰੀਆ'।
ਪ੍ਰਿਯਮ ਲੋਕ ਸੱਭਿਆਚਾਰ ਨੂੰ ਸਮਝਾਉਣ ਲਈ ਪ੍ਰਸਿੱਧ ਸੱਭਿਆਚਾਰ ਦਾ ਸਹਾਰਾ ਵੀ ਲੈਂਦੀ ਹੈ। ਉਹ ਦੱਸਦੀ ਹੈ ਕਿ ਫ਼ਿਲਮੀ ਗੀਤ 'ਨਿੰਬੂੜਾ-ਨਿੰਬੂੜਾ' ਰਾਹੀਂ ਰਾਜਸਥਾਨ ਦੀ ਖੇਤੀਬਾੜੀ, 'ਬਾਜਰੇ ਦਾ ਸਿੱਟਾ' ਰਾਹੀਂ ਪੰਜਾਬ ਦੀ ਖਾਣ-ਪੀਣ ਦੀ ਪਰੰਪਰਾ ਅਤੇ 'ਬੁੰਮਰੋ' ਰਾਹੀਂ ਕਸ਼ਮੀਰ ਦੀਆਂ ਸਰਦੀਆਂ ਦੀ ਕਹਾਣੀ ਸੁਣਾਈ ਜਾ ਸਕਦੀ ਹੈ।
ਤਿੰਨ ਵੱਡੇ ਟੀਚਿਆਂ 'ਤੇ ਕਰ ਰਹੀ ਹੈ ਕੰਮ
ਪ੍ਰਿਯਮ ਹੁਣ ਤਿੰਨ ਵੱਡੇ ਟੀਚਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।
ਪਹਿਲਾ ਟੀਚਾ ਸ਼ਹਿਰੀ ਇਕੱਲੇਪਣ ਨੂੰ ਦੂਰ ਕਰਨ ਲਈ 'ਕਲਚਰ ਪਾਰਟੀ' ਦਾ ਆਯੋਜਨ ਕਰਨਾ ਹੈ। ਇਸ 'ਚ ਰਾਜਸਥਾਨ ਨਾਈਟ ਦੌਰਾਨ ਦਾਲ-ਬਾਟੀ ਅਤੇ ਲੋਕ ਸੰਗੀਤ, ਕਸ਼ਮੀਰ ਈਵਨਿੰਗ 'ਚ ਕਵਿਤਾਵਾਂ ਅਤੇ ਬਸੰਤ ਦੇ ਗੀਤ, ਜਦਕਿ ਝਾਰਖੰਡ ਗੈਦਰਿੰਗ 'ਚ ਸਥਾਨਕ ਭੋਜਨ ਅਤੇ ਮੌਖਿਕ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ।
ਦੂਜਾ ਟੀਚਾ ਭਾਸ਼ਾ ਵਿਗਿਆਨੀਆਂ, ਲੋਕ ਕਲਾਕਾਰਾਂ, ਬਜ਼ੁਰਗਾਂ, ਇਤਿਹਾਸਕਾਰਾਂ ਅਤੇ ਖੋਜਕਰਤਾਵਾਂ ਦਾ ਇਕ ਸਰਗਰਮ ਨੈੱਟਵਰਕ ਤਿਆਰ ਕਰਨਾ ਹੈ।
ਤੀਜਾ ਟੀਚਾ ਪੂਰੇ ਭਾਰਤ 'ਚ ਘੁੰਮ ਕੇ ਹੈਂਡਲੂਮ ਕਲਾਕਾਰਾਂ, ਦਸਤਕਾਰਾਂ ਅਤੇ ਲੋਕ ਸੰਗੀਤਕਾਰਾਂ ਨਾਲ ਕੰਮ ਕਰਦਿਆਂ ਇਕ ਅਜਿਹਾ ਜੀਵੰਤ ਪੁਰਾਲੇਖ ਤਿਆਰ ਕਰਨਾ ਹੈ, ਜਿਸ 'ਚ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਿਆ ਜਾ ਸਕੇ।
VIDEO ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ ਛੋਟੀਆਂ-ਛੋਟੀਆਂ ਪ੍ਰਾਪਤੀਆਂ ਬਣੀਆਂ ਵੱਡੀ ਮਿਸਾਲ
ਪ੍ਰਿਯਮ ਨੇ ਕਈ ਅਜਿਹੀਆਂ ਚੀਜ਼ਾਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਹੈ, ਜਿਨ੍ਹਾਂ ਦਾ ਜ਼ਿਕਰ ਹੁਣ ਕਿਤੇ-ਕਿਤੇ ਹੀ ਮਿਲਦਾ ਹੈ। ਬੰਜਾਰਾ ਭਾਈਚਾਰੇ ਦੇ ਗਹਿਣੇ 'ਢੋਲਨਾ' ਦੀ ਤਾਂ ਇੰਟਰਨੈੱਟ 'ਤੇ ਤਸਵੀਰ ਤੱਕ ਉਪਲਬਧ ਨਹੀਂ ਸੀ। ਇਕ ਫਾਲੋਅਰ ਨੇ ਆਪਣੀ ਦਾਦੀ ਦਾ ਢੋਲਨਾ ਉਨ੍ਹਾਂ ਨੂੰ ਭੇਜਿਆ।
ਪਹਾੜੀ ਖੇਤਰਾਂ ਦੀ ਅਲੋਪ ਹੋ ਰਹੀ ਲਿਪੀ 'ਟਾਂਕਰੀ' ਸਿੱਖਣ ਲਈ ਉਨ੍ਹਾਂ ਨੇ ਇਕ ਸੰਸਥਾ ਨਾਲ 100 ਤੋਂ ਵੱਧ ਲੋਕਾਂ ਨੂੰ ਜੋੜਿਆ। ਉਨ੍ਹਾਂ ਨੇ ਜੰਮੂ ਦੇ ਸਥਾਨਕ ਖੇਤੀਬਾੜੀ ਤਿਉਹਾਰ 'ਰੂਤ ਰਹਦੇ' ਨੂੰ ਵੀ ਨੌਜਵਾਨਾਂ ਤੱਕ ਪਹੁੰਚਾਇਆ।
ਉਹ ਸੂਬੇ ਦੇ ਸੈਰ-ਸਪਾਟਾ, ਸੱਭਿਆਚਾਰ ਅਤੇ ਸਿੱਖਿਆ ਵਿਭਾਗਾਂ ਨਾਲ ਮਿਲ ਕੇ ਇਸ ਗਿਆਨ ਨੂੰ ਨੌਜਵਾਨਾਂ ਤਕ ਪਹੁੰਚਾਉਣਾ ਚਾਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ, 'ਜੇਕਰ ਤੁਸੀਂ ਕਿਸੇ ਅਜਿਹੇ ਬਜ਼ੁਰਗ ਨੂੰ ਜਾਣਦੇ ਹੋ, ਜਿਸ ਨੂੰ ਪੁਰਾਣੇ ਗੀਤ ਯਾਦ ਹਨ, ਕਿਸੇ ਅਜਿਹੇ ਲੋਕ ਕਲਾਕਾਰ ਨੂੰ ਜਾਣਦੇ ਹੋ ਜਿਸ ਨੂੰ ਮੰਚ ਦੀ ਲੋੜ ਹੈ ਜਾਂ ਕਿਸੇ ਅਜਿਹੇ ਤਿਉਹਾਰ ਬਾਰੇ ਜਾਣਦੇ ਹੋ ਜੋ ਅਲੋਪ ਹੋ ਰਿਹਾ ਹੈ, ਤਾਂ ਕਿਰਪਾ ਕਰਕੇ ਮੈਨੂੰ ਦੱਸੋ।'
ਪ੍ਰਿਯਮ ਕਹਿੰਦੀ ਹੈ, 'Wear your culture on your sleeve and carry it in your heart.' ਯਾਨੀ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਮਾਣ ਨਾਲ ਪ੍ਰਗਟ ਕਰੋ ਅਤੇ ਇਸ ਨੂੰ ਆਪਣੇ ਦਿਲ 'ਚ ਵਸਾ ਕੇ ਰੱਖੋ।