ਫਲੈਟ 'ਚੋਂ ਮਿਲੀਆਂ 3 ਲਾਸ਼ਾਂ : ਵੀਡੀਓ ਰਿਕਾਰਡ ਕਰਕੇ ਭੈਣ-ਭਰਾਵਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ; ਪੁਲਿਸ ਜਾਂਚ 'ਚ ਜੁਟੀ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਪੱਛਮੀ ਵਿਰਾਰ ਇਲਾਕੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਲੋਬਲ ਸਿਟੀ ਇਲਾਕੇ ਵਿੱਚ ਇੱਕ ਕਿਰਾਏ ਦੇ ਫਲੈਟ ਅੰਦਰ ਤਿੰਨ ਅਣਵਿਆਹੇ ਸਕੇ ਭੈਣ-ਭਰਾਵਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦਿੱਤੀ ਹੈ।
Publish Date: Thu, 29 Oct 2026 03:05 PM (IST)
Updated Date: Thu, 29 Oct 2026 03:07 PM (IST)
ਡਿਜੀਟਲ ਡੈਸਕ, ਮੁੰਬਈ - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਪੱਛਮੀ ਵਿਰਾਰ ਇਲਾਕੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਲੋਬਲ ਸਿਟੀ ਇਲਾਕੇ ਵਿੱਚ ਇੱਕ ਕਿਰਾਏ ਦੇ ਫਲੈਟ ਅੰਦਰ ਤਿੰਨ ਅਣਵਿਆਹੇ ਸਕੇ ਭੈਣ-ਭਰਾਵਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨਾਂ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ 52 ਸਾਲਾ ਦੀਪੇਸ਼ ਮਹਿਤਾ, 50 ਸਾਲਾ ਕੁਮਾਰ ਮਹਿਤਾ ਅਤੇ 48 ਸਾਲਾ ਖੇਵਨਾ ਮਹਿਤਾ ਵਜੋਂ ਹੋਈ ਹੈ। ਇਹ ਤਿੰਨੇ ਵਿਰਾਰ ਪੱਛਮੀ ਦੇ ਗਲੋਬਲ ਸਿਟੀ ਸਥਿਤ ‘ਗਾਰਡਨ ਐਵੇਨਿਊ’ ਸੋਸਾਇਟੀ ਦੇ ਡੀ-ਵਿੰਗ ਵਿੱਚ ਫਲੈਟ ਨੰਬਰ 1203 ਵਿੱਚ ਕਿਰਾਏ ’ਤੇ ਰਹਿੰਦੇ ਸਨ।
ਕਿਵੇਂ ਸਾਹਮਣੇ ਆਇਆ ਮਾਮਲਾ? ਮਿਲੀ ਜਾਣਕਾਰੀ ਅਨੁਸਾਰ, ਵੀਰਵਾਰ ਤੜਕੇ ਜਦੋਂ ਫਲੈਟ ਵਿੱਚੋਂ ਤੇਜ਼ ਬਦਬੂ ਆਉਣ ਲੱਗੀ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਬੋਲਿੰਜ ਪੁਲਿਸ ਮੌਕੇ ’ਤੇ ਪਹੁੰਚੀ। ਵੀਰਵਾਰ ਦੁਪਹਿਰ ਕਰੀਬ ਢਾਈ ਵਜੇ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਤਿੰਨਾਂ ਦੀਆਂ ਲਾਸ਼ਾਂ ਗਲੀ-ਸੜੀ ਹਾਲਤ ਵਿੱਚ ਪਈਆਂ ਮਿਲੀਆਂ।
ਬਿਮਾਰੀ ਅਤੇ ਪੈਸਿਆਂ ਦੀ ਤੰਗੀ ਕਾਰਨ ਸਨ ਪਰੇਸ਼ਾਨ ਪੁਲਿਸ ਮੁਤਾਬਕ, ਇਹ ਤਿੰਨੇ ਭੈਣ-ਭਰਾ ਸਾਲ 2025 ਤੋਂ ਇਸ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਭਰਾ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ, ਜਦਕਿ ਦੂਜੇ ਭਰਾ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਗੰਭੀਰ ਵਿੱਤੀ ਸੰਕਟ ਅਤੇ ਬਿਮਾਰੀਆਂ ਨਾਲ ਜੂਝ ਰਿਹਾ ਸੀ।
ਜਾਨ ਦੇਣ ਤੋਂ ਪਹਿਲਾਂ ਬਣਾਈ ਸੀ ਵੀਡੀਓ ਜਾਣਕਾਰੀ ਅਨੁਸਾਰ, ਇਸ ਕਦਮ ਤੋਂ ਪਹਿਲਾਂ ਤਿੰਨਾਂ ਭੈਣ-ਭਰਾਵਾਂ ਨੇ ਗੁਜਰਾਤੀ ਭਾਸ਼ਾ ਵਿੱਚ ਇੱਕ ਵੀਡੀਓ ਰਿਕਾਰਡ ਕੀਤੀ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਆਪਣੀਆਂ ਗੰਭੀਰ ਸਿਹਤ ਸਮੱਸਿਆਵਾਂ ਅਤੇ ਆਰਥਿਕ ਤੰਗੀ ਬਾਰੇ ਆਪਣਾ ਦੁੱਖ ਬਿਆਨ ਕੀਤਾ ਸੀ।
ਬੋਲਿੰਜ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਪ੍ਰਕਾਸ਼ ਕਾਵਲੇ ਨੇ ਦੱਸਿਆ ਕਿ ਅੰਦਾਜ਼ਾ ਹੈ ਕਿ ਪੁਲਿਸ ਦੇ ਪਹੁੰਚਣ ਤੋਂ 3-4 ਦਿਨ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਫ਼ਿਲਹਾਲ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਭੈਣ ਤੋਂ ਵੀ ਮੰਗੇ ਸਨ ਪੈਸੇ ਜ਼ਿਕਰਯੋਗ ਹੈ ਕਿ ਪੁਲਿਸ ਨੇ ਮ੍ਰਿਤਕਾਂ ਦੀ ਇੱਕ ਹੋਰ ਭੈਣ ਨਾਲ ਸੰਪਰਕ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਤਿੰਨੇ ਭੈਣ-ਭਰਾ ਬਹੁਤ ਮਾੜੇ ਆਰਥਿਕ ਦੌਰ ਵਿੱਚੋਂ ਲੰਘ ਰਹੇ ਸਨ ਅਤੇ ਉਨ੍ਹਾਂ ਨੇ ਮਦਦ ਲਈ ਉਸ ਤੋਂ ਵੀ ਪੈਸੇ ਮੰਗੇ ਸਨ। ਪੁਲਿਸ ਫ਼ਿਲਹਾਲ ਇਸ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ।