
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੰਡ ਵਾਂਗ ਪਿਆਜ਼ ਦੀਆਂ ਕੀਮਤਾਂ ’ਚ ਵੀ ਤੇਜ਼ ਉਛਾਲ ਹੈ। ਨਾਸਿਕ ਮੰਡੀ ’ਚ ਇਕ ਮਹੀਨੇ ’ਚ ਹੀ ਪਿਆਜ਼ ਦੀ ਕੀਮਤ ’ਚ ਲਗਪਗ 76 ਫ਼ੀਸਦੀ ਦਾ ਵਾਧਾ ਹੋਇਆ ਹੈ। ਕੁਝ ਸੂਬਿਆਂ ’ਚ ਤਾਂ ਥੋਕ ਕੀਮਤ ’ਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ।

ਅਰਵਿੰਦ ਸ਼ਰਮਾ, ਜਾਗਰਣ, ਨਵੀਂ ਦਿੱਲੀ : ਖੰਡ ਵਾਂਗ ਪਿਆਜ਼ ਦੀਆਂ ਕੀਮਤਾਂ ’ਚ ਵੀ ਤੇਜ਼ ਉਛਾਲ ਹੈ। ਨਾਸਿਕ ਮੰਡੀ ’ਚ ਇਕ ਮਹੀਨੇ ’ਚ ਹੀ ਪਿਆਜ਼ ਦੀ ਕੀਮਤ ’ਚ ਲਗਪਗ 76 ਫ਼ੀਸਦੀ ਦਾ ਵਾਧਾ ਹੋਇਆ ਹੈ। ਕੁਝ ਸੂਬਿਆਂ ’ਚ ਤਾਂ ਥੋਕ ਕੀਮਤ ’ਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਪਿਆਜ਼ ਦੀਆਂ ਕੀਮਤਾਂ ਵਧਣ ਦੇ ਤਿੰਨ ਪ੍ਰਮੁੱਖ ਕਾਰਨ ਹਨ-ਮੌਨਸੂਨ ਦੀ ਗ਼ੈਰਯਕੀਨੀ ਕਾਰਨ ਸਾਉਣੀ ਦੇ ਪਿਆਜ਼ ਦੀ ਬਿਜਾਈ ’ਚ ਦੇਰੀ, ਹਾੜ੍ਹੀ ਦੀ ਫ਼ਸਲ ਦੀ ਕਮਜ਼ੋਰ ਆਮਦ ਅਤੇ ਸਰਕਾਰੀ ਖ਼ਰੀਦ ਦਾ ਟੀਚੇ ਤੋਂ ਲਗਪਗ ਅੱਧਾ ਰਹਿ ਜਾਣਾ। ਜੋ ਕਮੀ ਰਹਿ ਗਈ, ਉਸ ਨੂੰ ਹਾਲਾਤ ਨੂੰ ਦੇਖ ਕੇ ਜਮ੍ਹਾਂਖੋਰਾਂ ਨੇ ਪੂਰਾ ਕਰ ਦਿੱਤਾ। ਸਰਕਾਰ ਹੁਣ ਰਾਹਤ ਦੇਣ ਦਾ ਰਾਹ ਲੱਭ ਰਹੀ ਹੈ। ਬਫ਼ਰ ਸਟਾਕ ਦਾ ਤਾਲਾ ਖੋਲ੍ਹਣ ਦੀ ਤਿਆਰੀ ਹੈ। ਉਨ੍ਹਾਂ ਸ਼ਹਿਰਾਂ ’ਤੇ ਧਿਆਨ ਵਧਾਇਆ ਜਾ ਸਕਦਾ ਹੈ, ਜਿੱਥੇ ਪਰਚੂਨ ਭਾਅ ਤੇਜ਼ੀ ਨਾਲ ਚੜ੍ਹਨ ਲੱਗਾ ਹੈ। ਸਵਾਲ ਇਹ ਵੀ ਹੈ ਕਿ ਸੀਮਤ ਸਟਾਕ ਨਾਲ ਕਿੰਨੀ ਰਾਹਤ ਮਿਲ ਸਕਦੀ ਹੈ।
ਖੰਡ ’ਚ ਸਰਕਾਰ ਕੋਲ ਕਈ ਬਦਲ ਹਨ, ਪਰ ਪਿਆਜ਼ ’ਚ ਤੁਰੰਤ ਰਾਹਤ ਲਈ ਸਿਰਫ਼ ਬਫ਼ਰ ਸਟਾਕ ਹੈ। ਅਜਿਹੇ ’ਚ ਕਰੀਬ ਡੇਢ ਮਹੀਨਾ ਮੁਸ਼ਕਲ ਭਰਿਆ ਹੋ ਸਕਦਾ ਹੈ। ਹਾਲਾਂਕਿ, ਸਰਕਾਰ ਨੇ ਫ਼ਿਲਹਾਲ ਅਜਿਹੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਦਾਅਵਾ ਕੀਤਾ ਹੈ ਕਿ ਪਿਆਜ਼ ਦਾ ਉਤਪਾਦਨ ਪਿਛਲੇ ਸਾਲ ਦੇ ਲਗਪਗ ਬਰਾਬਰ ਹੈ। ਪਿਛਲੇ ਸਾਲ 307.67 ਲੱਖ ਟਨ ਪਿਆਜ਼ ਦਾ ਉਤਪਾਦਨ ਹੋਇਆ ਸੀ। ਇਸ ਵਾਰ 307.37 ਲੱਖ ਟਨ ਹੋਣ ਦਾ ਅਨੁਮਾਨ ਹੈ। ਇਸ ਲਈ ਉਤਪਾਦਨ ਦੇ ਪੱਧਰ ’ਤੇ ਸੰਕਟ ਨਹੀਂ ਹੈ, ਪਰ ਮੰਡੀਆਂ ’ਚ ਆਮਦ ’ਚ ਕਮੀ ਦਾ ਅਸਰ ਭਾਅ ’ਤੇ ਦਿਸ ਰਿਹਾ ਹੈ।
ਨਾਸਿਕ ਮੰਡੀ ’ਚ 19 ਅਗਸਤ ਨੂੰ ਪਿਆਜ਼ ਦਾ ਭਾਅ 3750 ਰੁਪਏ ਪ੍ਰਤੀ ਕੁਇੰਟਲ ਸੀ, ਜੋ 20 ਅਗਸਤ ਨੂੰ 3551 ਰੁਪਏ ਅਤੇ 21 ਅਗਸਤ ਨੂੰ ਫਿਰ 3600 ਰੁਪਏ ਤੋਂ ਪਾਰ ਪਹੁੰਚ ਗਿਆ। ਇਕ ਮਹੀਨਾ ਪਹਿਲਾਂ ਨਾਸਿਕ ਮੰਡੀ ’ਚ ਪਿਆਜ਼ ਦਾ ਭਾਅ 2050 ਰੁਪਏ ਪ੍ਰਤੀ ਕੁਇੰਟਲ ਸੀ। ਯਾਨੀ ਥੋਕ ਭਾਅ ’ਚ ਲਗਪਗ 76 ਫ਼ੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਦੇ ਔਸਤ ਥੋਕ ਭਾਅ ’ਚ ਵੀ ਤੇਜ਼ੀ ਹੈ। ਖ਼ਪਤਕਾਰ ਮਾਮਲਿਆਂ ਦੇ ਵਿਭਾਗ ਮੁਤਾਬਕ 22 ਅਗਸਤ ਨੂੰ ਪਿਆਜ਼ ਦਾ ਰਾਸ਼ਟਰੀ ਔਸਤ ਥੋਕ ਭਾਅ 3397 ਰੁਪਏ ਪ੍ਰਤੀ ਕੁਇੰਟਲ ਅਤੇ ਪਰਚੂਨ ਭਾਅ 41.64 ਰੁਪਏ ਪ੍ਰਤੀ ਕਿੱਲੋ ਸੀ। ਇਕ ਮਹੀਨਾ ਪਹਿਲਾਂ ਪਰਚੂਨ ਭਾਅ 34.95 ਰੁਪਏ ਪ੍ਰਤੀ ਕਿੱਲੋ ਸੀ। ਯਾਨੀ ਪਰਚੂਨ ਕੀਮਤ ਵੀ ਕਰੀਬ 19 ਫ਼ੀਸਦੀ ਵਧੀ ਹੈ।
ਪਿਆਜ਼ ਦੀ ਦਿੱਕਤ ਖੰਡ ਤੋਂ ਥੋੜ੍ਹੀ ਵੱਖਰੀ ਹੈ। ਚਿੰਤਾ ਬਫ਼ਰ ਸਟਾਕ ਨੂੰ ਲੈ ਕੇ ਹੈ। ਦੋ ਸਾਲ ਪਹਿਲਾਂ ਪੰਜ ਲੱਖ ਟਨ ਪਿਆਜ਼ ਖ਼ਰੀਦਣ ਦਾ ਟੀਚਾ ਸੀ। ਪਿਛਲੇ ਸਾਲ ਇਸ ਨੂੰ ਘਟਾ ਕੇ ਤਿੰਨ ਲੱਖ ਟਨ ਕੀਤਾ ਗਿਆ ਅਤੇ ਇਸ ਵਾਰ ਦੋ ਲੱਖ ਟਨ ਖ਼ਰੀਦ ਦਾ ਟੀਚਾ ਰੱਖਿਆ ਗਿਆ ਹੈ। ਮਈ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਗਈ, ਪਰ ਜੁਲਾਈ ਦੇ ਅਖੀਰ ਤੱਕ 1.20 ਲੱਖ ਟਨ ਹੀ ਖ਼ਰੀਦਿਆ ਜਾ ਸਕਿਆ। ਖੁੱਲ੍ਹੇ ਬਾਜ਼ਾਰ ’ਚ ਚੰਗੀ ਕੀਮਤ ਮਿਲਣ ਕਾਰਨ ਕਿਸਾਨਾਂ ਨੇ ਸਰਕਾਰੀ ਏਜੰਸੀਆਂ ਨੂੰ ਪਿਆਜ਼ ਦੇਣਾ ਜ਼ਰੂਰੀ ਨਹੀਂ ਸਮਝਿਆ। ਸਟਾਕ ਘੱਟ ਦੇਖ ਕੇ ਸਰਕਾਰ ਨੇ ਚਾਰ ਜੁਲਾਈ ਨੂੰ ਖ਼ਰੀਦ ਕੀਮਤ 1875 ਰੁਪਏ ਤੋਂ ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ। ਫਿਰ ਵੀ ਖ਼ਰੀਦ ਨਾ ਵਧੀ ਤਾਂ ਇਸ ਨੂੰ 2645 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ।
ਬਫ਼ਰ ਸਟਾਕ ’ਚ ਇੰਨਾ ਪਿਆਜ਼ ਨਹੀਂ ਕਿ ਖ਼ਪਤਕਾਰਾਂ ਨੂੰ ਰਾਹਤ ਦਿੱਤੀ ਜਾ ਸਕੇ
ਬਫ਼ਰ ਸਟਾਕ ’ਚ ਇੰਨਾ ਪਿਆਜ਼ ਨਹੀਂ ਹੈ ਕਿ ਜਮ੍ਹਾਂਖੋਰਾਂ ’ਤੇ ਦਬਾਅ ਬਣਾ ਕੇ ਖ਼ਪਤਕਾਰਾਂ ਨੂੰ ਰਾਹਤ ਦਿੱਤੀ ਜਾ ਸਕੇ। ਨਾਸਿਕ ਪਿਆਜ਼ ਬਰਾਮਦਕਾਰ ਸੰਘ ਦੇ ਉਪ ਪ੍ਰਧਾਨ ਵਿਕਾਸ ਸਿੰਘ ਦਾ ਕਹਿਣਾ ਹੈ ਕਿ ਭਾਅ ਰੋਕਣ ਲਈ ਸਰਕਾਰ ਬਫ਼ਰ ਦਾ ਪਿਆਜ਼ ਬਾਜ਼ਾਰ ’ਚ ਉਤਾਰਦੀ ਹੈ। ਪਿਛਲੇ ਸਾਲ ਵੀ ਸਤੰਬਰ ਤੋਂ ਬਫ਼ਰ ਦਾ ਪਿਆਜ਼ ਪਰਚੂਨ ਵਿਕਰੀ ਅਤੇ ਮੰਡੀਆਂ ’ਚ ਭੇਜ ਕੇ ਬਾਜ਼ਾਰ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਾਰ ਸਟਾਕ ਘੱਟ ਹੋਣ ਕਾਰਨ ਵਾਧੂ ਚੌਕਸੀ ਦੀ ਲੋੜ ਪਵੇਗੀ।
ਇਸ ਕਾਰਨ ਅਗਸਤ-ਸਤੰਬਰ ’ਚ ਵਧਦੀ ਹੈ ਪਿਆਜ਼ ਦੀ ਕੀਮਤ
ਪਿਆਜ਼ ਦੀ ਕੀਮਤ ਆਮ ਤੌਰ ’ਤੇ ਅਗਸਤ-ਸਤੰਬਰ ’ਚ ਵਧਦੀ ਹੈ। ਕਾਰਨ ਹੈ ਕਿ ਇਸੇ ਸਮੇਂ ਹਾੜ੍ਹੀ ਦੇ ਪਿਆਜ਼ ਦਾ ਭੰਡਾਰ ਹੌਲੀ-ਹੌਲੀ ਘਟਦਾ ਜਾਂਦਾ ਹੈ ਅਤੇ ਸਾਉਣੀ ਦੀ ਫ਼ਸਲ ਦੇ ਬਾਜ਼ਾਰ ’ਚ ਆਉਣ ’ਚ ਸਮਾਂ ਲੱਗਦਾ ਹੈ। ਇਹੀ ਵਕਫ਼ਾ ਕੀਮਤਾਂ ’ਤੇ ਦਬਾਅ ਵਧਾਉਂਦਾ ਹੈ। ਇਸ ਸਾਲ ਖ਼ਰਾਬ ਮੌਸਮ ਅਤੇ ਸਾਉਣੀ ਦੀ ਬਿਜਾਈ ’ਚ ਦੇਰੀ ਨੇ ਵੀ ਬਾਜ਼ਾਰ ਦੀ ਚਿੰਤਾ ਵਧਾਈ ਹੈ।
ਇਕ ਮਹੀਨੇ ’ਚ ਕੀਮਤਾਂ ’ਚ ਵਾਧਾ
ਸੂਬਾ---23 ਅਗਸਤ---23 ਜੁਲਾਈ
ਉੱਤਰ ਪ੍ਰਦੇਸ਼, 45-50, 30-40
ਝਾਰਖੰਡ, 40-55, 26-30
ਦਿੱਲੀ, 45-50, 25-30
ਪੰਜਾਬ, 40, 25
ਉੱਤਰਾਖੰਡ, 40, 18
ਹਰਿਆਣਾ, 50-60, 25-35
ਛੱਤੀਸਗੜ੍ਹ, 42-45, 20-22
ਮੱਧ ਪ੍ਰਦੇਸ਼, 40, 20
(ਥੋਕ ਕੀਮਤ ਰੁਪਏ ਪ੍ਰਤੀ ਕਿੱਲੋ ’ਚ)