ਪੀਰੀਅਡਜ਼ 'ਚ ਕਿਉਂ ਬਦਲ ਜਾਂਦਾ ਹੈ ਔਰਤਾਂ ਦਾ ਮੂਡ? ਕਦੇ ਗੁੱਸਾ ਤਾਂ ਕਦੇ ਉਦਾਸੀ, 116 ਔਰਤਾਂ 'ਤੇ ਹੋਈ ਸਟੱਡੀ 'ਚ ਖੁੱਲ੍ਹਿਆ ਵੱਡਾ ਰਾਜ਼
ਨਵੀਂ ਸਟੱਡੀ ਮੁਤਾਬਕ, ਪੀਰੀਅਡਜ਼ ਦੌਰਾਨ ਪ੍ਰੋਜੈਸਟ੍ਰੋਨ ਦਾ ਉੱਚ ਪੱਧਰ ਦਿਮਾਗ 'ਚ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਧਿਐਨ 'ਚ ਪਾਇਆ ਗਿਆ ਹੈ ਕਿ ਮਾਹਵਾਰੀ ਦੌਰਾਨ ਪ੍ਰੋਜੈਸਟ੍ਰੋਨ ਦਾ ਵਧਿਆ ਹੋਇਆ ਪੱਧਰ ਦਿਮਾਗ ਦੀ ਅਜਿਹੀ ਗਤੀਵਿਧੀ ਨਾਲ ਜੁੜਿਆ ਹੋ ਸਕਦਾ ਹੈ, ਜਿਸ ਕਾਰਨ ਵੱਖ-ਵੱਖ ਭਾਵਨਾਤਮਕ ਸਥਿਤੀਆਂ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
Publish Date: Mon, 02 Nov 2026 10:56 AM (IST)
Updated Date: Mon, 02 Nov 2026 03:47 PM (IST)
ਪੀਟੀਆਈ, ਨਵੀਂ ਦਿੱਲੀ : ਪੀਰੀਅਡਜ਼ ਦੇ ਦਿਨਾਂ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਬਦਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚ ਪੇਟ ਦਰਦ ਅਤੇ ਮਰੋੜ ਦੇ ਨਾਲ-ਨਾਲ ਮੂਡ ਸਵਿੰਗਜ਼ ਦੀ ਸਮੱਸਿਆ ਆਮ ਗੱਲ ਹੈ। ਪਰ ਕੀ ਤੁਸੀਂ ਇਸ ਦੇ ਪਿੱਛੇ ਦੀ ਵਜ੍ਹਾ ਜਾਣਦੇ ਹੋ? ਕੀ ਤੁਹਾਨੂੰ ਪਤਾ ਹੈ ਕਿ ਪੀਰੀਅਡਜ਼ ਦੌਰਾਨ ਮੂਡ ਅਚਾਨਕ ਕਦੇ ਉਦਾਸੀ ਅਤੇ ਕਦੇ ਚਿੜਚਿੜੇਪਣ 'ਚ ਕਿਉਂ ਬਦਲ ਜਾਂਦਾ ਹੈ?
ਦਰਅਸਲ, ਇਸ ਸਬੰਧੀ ਹਾਲ ਹੀ 'ਚ ਇਕ ਸਟੱਡੀ ਸਾਹਮਣੇ ਆਈ ਹੈ, ਜਿਸ 'ਚ ਪ੍ਰੋਜੈਸਟ੍ਰੋਨ (Progesterone) ਦੇ ਪੱਧਰ ਦੀ ਅਹਿਮ ਭੂਮਿਕਾ ਦੱਸੀ ਗਈ ਹੈ।
ਪ੍ਰੋਜੈਸਟ੍ਰੋਨ ਦਾ ਵਧਣਾ ਭਾਵਨਾਵਾਂ ਨੂੰ ਕੰਟਰੋਲ ਕਰਨ 'ਚ ਬਣਦਾ ਹੈ ਰੁਕਾਵਟ
ਨਵੀਂ ਸਟੱਡੀ ਮੁਤਾਬਕ, ਪੀਰੀਅਡਜ਼ ਦੌਰਾਨ ਪ੍ਰੋਜੈਸਟ੍ਰੋਨ ਦਾ ਉੱਚ ਪੱਧਰ ਦਿਮਾਗ 'ਚ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਧਿਐਨ 'ਚ ਪਾਇਆ ਗਿਆ ਹੈ ਕਿ ਮਾਹਵਾਰੀ ਦੌਰਾਨ ਪ੍ਰੋਜੈਸਟ੍ਰੋਨ ਦਾ ਵਧਿਆ ਹੋਇਆ ਪੱਧਰ ਦਿਮਾਗ ਦੀ ਅਜਿਹੀ ਗਤੀਵਿਧੀ ਨਾਲ ਜੁੜਿਆ ਹੋ ਸਕਦਾ ਹੈ, ਜਿਸ ਕਾਰਨ ਵੱਖ-ਵੱਖ ਭਾਵਨਾਤਮਕ ਸਥਿਤੀਆਂ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਮੂਡ ਖ਼ਰਾਬ ਹੋਣ ਨਾਲ ਵੀ ਹੈ ਇਸ ਦਾ ਸਬੰਧ
ਇਸ ਦੇ ਨਾਲ ਹੀ ਇਸ ਦਾ ਸਬੰਧ ਖ਼ਰਾਬ ਮੂਡ ਨਾਲ ਵੀ ਹੋ ਸਕਦਾ ਹੈ। 'ਸਾਈਕੋਲੋਜੀਕਲ ਮੈਡੀਸਨ' (Psychological Medicine) ਜਰਨਲ 'ਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ, ਅੰਡਕੋਸ਼ਾਂ 'ਚ ਬਣਨ ਵਾਲੇ ਹਾਰਮੋਨ 'ਐਸਟਰਾਡਿਓਲ' (Estradiol) ਅਤੇ 'ਪ੍ਰੋਜੈਸਟ੍ਰੋਨ' ਦਾ ਕੁਦਰਤੀ ਪੱਧਰ ਭਾਵਨਾਵਾਂ ਨੂੰ ਕੰਟਰੋਲ ਕਰਨ ਨਾਲ ਜੁੜੇ ਦਿਮਾਗ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਨਾਲ ਮੂਡ 'ਚ ਆਉਣ ਵਾਲੇ ਬਦਲਾਵਾਂ ਨੂੰ ਸਮਝਣ 'ਚ ਵੀ ਮਦਦ ਮਿਲ ਸਕਦੀ ਹੈ। ਹੁਣ ਗੱਲ ਕਰੀਏ ਕਿ ਭਾਵਨਾਤਮਕ ਕੰਟਰੋਲ ਦਾ ਕੀ ਮਤਲਬ ਹੈ ਤਾਂ ਦੱਸ ਦੇਈਏ ਕਿ ਇਸ ਦਾ ਅਰਥ ਭਾਵਨਾਤਮਕ ਜਾਣਕਾਰੀ ਦੇ ਜਵਾਬ 'ਚ ਆਪਣੇ ਵਿਵਹਾਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਤੋਂ ਹੈ। ਖ਼ਾਸ ਤੌਰ 'ਤੇ ਉਸ ਸਮੇਂ, ਜਦੋਂ ਮਨ 'ਚ ਪੈਦਾ ਹੋਣ ਵਾਲੀਆਂ ਤੁਰੰਤ ਭਾਵਨਾਤਮਕ ਪ੍ਰਤੀਕਿਰਿਆਵਾਂ 'ਤੇ ਕਾਬੂ ਪਾਉਣਾ ਹੋਵੇ।
116 ਔਰਤਾਂ ਦਾ ਕੀਤਾ ਗਿਆ MRI ਸਕੈਨ
ਖੋਜ ਦੀ ਮੁੱਖ ਲੇਖਿਕਾ ਸਪੇਨ ਦੀ ਬਾਰਸੀਲੋਨਾ ਯੂਨੀਵਰਸਿਟੀ ਦੀ ਮਾਸੀਆ ਬੁਆਦੇਸ-ਰੋਟਗਰ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਧਿਐਨ 'ਚ ਸਪੱਸ਼ਟ ਤੌਰ 'ਤੇ ਦੇਖਿਆ ਗਿਆ ਕਿ ਪ੍ਰੋਜੈਸਟ੍ਰੋਨ ਦਾ ਉੱਚ ਪੱਧਰ ਦਿਮਾਗ ਦੀ ਅਜਿਹੀ ਗਤੀਵਿਧੀ ਦੇ ਪੈਟਰਨ ਨਾਲ ਜੁੜਿਆ ਹੋਇਆ ਸੀ, ਜਿਸ 'ਚ ਭਾਵਨਾਤਮਕ ਕੰਟਰੋਲ ਦੀਆਂ ਵੱਖ-ਵੱਖ ਸਥਿਤੀਆਂ ਦੀ ਪਛਾਣ ਕਰਨਾ ਕਾਫ਼ੀ ਮੁਸ਼ਕਲ ਸੀ। ਇਸ ਦੇ ਨਾਲ ਹੀ ਇਹ ਅਧਿਐਨ 'ਚ ਸ਼ਾਮਲ ਔਰਤਾਂ ਦੇ ਖ਼ਰਾਬ ਮੂਡ ਨਾਲ ਵੀ ਜੁੜਿਆ ਹੋਇਆ ਸੀ।
ਦੱਸ ਦੇਈਏ ਕਿ ਖੋਜਕਰਤਾਵਾਂ ਨੇ ਇਸ ਅਧਿਐਨ ਲਈ ਕੁਦਰਤੀ ਮਾਹਵਾਰੀ ਚੱਕਰ ਵਾਲੀਆਂ ਲਗਭਗ 116 ਔਰਤਾਂ ਦਾ MRI ਸਕੈਨ ਕੀਤਾ ਸੀ। ਇਨ੍ਹਾਂ ਔਰਤਾਂ ਤੋਂ ਪ੍ਰਾਪਤ ਅੰਕੜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਵਿਗਿਆਨੀ ਇਸ ਨਤੀਜੇ 'ਤੇ ਪਹੁੰਚੇ ਹਨ।