
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਹ ਅਧਿਐਨ ਨੇਚਰ ਨਿਊਰੋਸਾਇੰਸ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਇਕੱਲਾਪਣ ਦਿਮਾਗ਼ ਨੂੰ ਇਸ ਤਰ੍ਹਾਂ ਨਾਲ ਰੀਪ੍ਰੋਗਰਾਮ ਕਰ ਸਕਦਾ ਹੈ, ਜਿਸ ਨਾਲ ਸ਼ਰਾਬ ਪੀਣ ਦੀ ਆਦਤ ਵਧਦੀ ਹੈ। ਇਸ ਨਾਲ ਇਹ ਬਾਇਲਾਜੀਕਲ ਕਾਰਨ ਵੀ ਪਤਾ ਲੱਗਦਾ ਹੈ ਕਿ ਇਕੱਲਾਪਣ ਸ਼ਰਾਬ ਦੀ ਆਦਤ ਦਾ ਖ਼ਤਰਾ ਕਿਉਂ ਵਧਾਉਂਦਾ ਹੈ।

ਵਾਸ਼ਿੰਗਟਨ (ਪੀਟੀਆਈ) : ਇਕ ਨਵੇਂ ਅਧਿਐਨ ’ਚ ਦਿਮਾਗ਼ ਦੀ ਇਕ ਅਜਿਹੀ ਪ੍ਰਕਿਰਿਆ ਦਾ ਪਤਾ ਲੱਗਾ ਹੈ, ਜਿਸ ਨਾਲ ਮਰਦਾਂ ’ਚ ਇਕੱਲਾਪਣ ਜਾਂ ਸੋਸ਼ਲ ਆਈਸੋਲੇਸ਼ਨ ਕਾਰਨ ਸ਼ਰਾਬ ਪੀਣ ਦੀ ਆਦਤ ਵਧ ਸਕਦੀ ਹੈ, ਜਦਕਿ ਮਹਿਲਾਵਾਂ ’ਚ ਇਹ ਘੱਟ ਹੋ ਸਕਦੀ ਹੈ। ਇਹ ਅਧਿਐਨ ਨੇਚਰ ਨਿਊਰੋਸਾਇੰਸ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਇਕੱਲਾਪਣ ਦਿਮਾਗ਼ ਨੂੰ ਇਸ ਤਰ੍ਹਾਂ ਨਾਲ ਰੀਪ੍ਰੋਗਰਾਮ ਕਰ ਸਕਦਾ ਹੈ, ਜਿਸ ਨਾਲ ਸ਼ਰਾਬ ਪੀਣ ਦੀ ਆਦਤ ਵਧਦੀ ਹੈ। ਇਸ ਨਾਲ ਇਹ ਬਾਇਲਾਜੀਕਲ ਕਾਰਨ ਵੀ ਪਤਾ ਲੱਗਦਾ ਹੈ ਕਿ ਇਕੱਲਾਪਣ ਸ਼ਰਾਬ ਦੀ ਆਦਤ ਦਾ ਖ਼ਤਰਾ ਕਿਉਂ ਵਧਾਉਂਦਾ ਹੈ।
ਨਾਰਥਵੈਸਟਰਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਿਨ ’ਚ ਜਨਰਲ ਸਾਈਕਿਆਟ੍ਰੀ ਤੇ ਨਿਊਰੋਸਾਇੰਸ ਦੀ ਅਸਿਸਟੈਂਟ ਪ੍ਰੋਫੈਸਰ ਰੀਸ਼ਾ ਪਟੇਲ ਨੇ ਕਿਹਾ ਕਿ ਇਹ ਪਹਿਲਾ ਅਧਿਐਨ ਹੈ, ਜਿਸ ਵਿਚ ਦਿਮਾਗ਼ ਦੇ ਇਕ ਖ਼ਾਸ ਸਰਕਟ ਦੀ ਪਛਾਣ ਕੀਤੀ ਗਈ ਹੈ। ਇਹ ਸਰਕਟ ਦੱਸਦਾ ਹੈ ਕਿ ਕਿਵੇਂ ਸੋਸ਼ਲ ਆਈਸੋਲੇਸ਼ਨ ਮਰਦਾਂ ’ਚ ਸ਼ਰਾਬ ਪੀਣ ਦੀ ਆਦਤ ਨੂੰ ਵਧਾ ਸਕਦਾ ਹੈ। ਇਹ ਇਸ ਖੇਤਰ ’ਚ ਇਕ ਵੱਡੀ ਸਫਲਤਾ ਹੈ। ਇਹ ਨਤੀਜੇ ਇਕੱਲੇਪਣ ਨਾਲ ਹੋਣ ਵਾਲੀ ਸ਼ਰਾਬ ਦੀ ਗ਼ਲਤ ਆਦਤ ਨੂੰ ਸਮਝਣ ਤੇ ਅੱਗੇ ਚੱਲ ਕੇ ਉਸਦਾ ਇਲਾਜ ਕਰਨ ਲਈ ਇਕ ਜ਼ਿਆਦਾ ਬਿਹਤਰ ਤਰੀਕਾ ਲੱਭਣ ’ਚ ਮਦਦ ਕਰ ਸਕਦਾ ਹੈ। ਇਹ ਸਮੱਸਿਆ ਅੱਜਕਲ੍ਹ ਤੇਜ਼ੀ ਨਾਲ ਆਮ ਹੁੰਦੀ ਜਾ ਰਹੀ ਹੈ•।
ਇਹ ਅਧਿਐਨ ਚੂਹਿਆਂ ਦੇ ਮਾਡਲ ’ਤੇ ਕੀਤਾ ਗਿਆ। ਸ਼ੁਰੂਆਤ ’ਚ ਬਾਲਿਗ ਨਰ ਤੇ ਮਾਦਾ ਚੂਹਿਆਂ ਨੂੰ ਗਰੁੱਪ ’ਚ ਰੱਖਿਆ ਗਿਆ ਸੀ। ਫਿਰ ਕੁਝ ਚੂਹਿਆਂ ਨੂੰ ਇਕੱਲੇ ਰਹਿਣ ਲਈ ਵੱਖ-ਵੱਖ ਰੱਖਿਆ ਗਿਆ ਤਾਂਕਿ ਬਾਲਿਗਾਂ ’ਚ ਸੋਸ਼ਲ ਆਈਸੋਲੇਸ਼ਨ ਦੀ ਹਾਲਤ ਬਣਾਈ ਜਾ ਸਕੇ, ਜਦਕਿ ਬਾਕੀ ਚੂਹਿਆਂ ਨੂੰ ਗਰੁੱਪ ’ਚ ਹੀ ਰੱਖਿਆ ਗਿਆ। ਚੂਹਿਆਂ ਨੂੰ ਰੋਜ਼ਾਨਾ ਇਕ ਘੰਟੇ ਲਈ ਦੋ ਬੋਤਲਾਂ ਦਿੱਤੀਆਂ ਜਾਂਦੀਆਂ ਸਨ। ਇਕ ’ਚ ਪਾਣੀ ਹੁੰਦਾ ਸੀ ਤੇ ਦੂਜੀ ’ਚ 15 ਫ਼ੀਸਦੀ ਐਲਕੋਹਲ ਵਾਲਾ ਘੋਲ। ਲਗਪਗ ਦੋ ਹਫ਼ਤਿਆਂ ਤੱਕ ਉਨ੍ਹਾਂ ਦੇ ਸ਼ਰਾਬ ਪੀਣ ਤੇ ਪਸੰਦ ’ਤੇ ਨਜ਼ਰ ਰੱਖੀ ਗਈ। ਖੋਜੀਆਂ ਨੇ ਦੱਸਿਆ ਕਿ ਇਸ ਦੌਰਾਨ ਇਕੱਲੇ ਰੱਖੇ ਗਏ ਨਰ ਚੂਹਿਆਂ ਨੇ ਹੌਲੀ-ਹੌਲੀ ਸ਼ਰਾਬ ਪੀਣਾ ਵਧਾ ਦਿੱਤਾ, ਜਦਕਿ ਮਾਦਾ ਚੂਹਿਆਂ ਨੇ ਇਸ ਨੂੰ ਘੱਟ ਕਰ ਦਿੱਤਾ।
ਜਦੋਂ ਇਹ ਆਜ਼ਾਦੀ ਨਾਲ ਘੁੰਮ ਰਹੇ ਸੀ ਤੇ ਤੈਅ ਕਰ ਰਹੇ ਸੀ ਕਿ ਸ਼ਰਾਬ ਪੀਣੀ ਹੈ ਜਾਂ ਨਹੀਂ, ਉਦੋਂ ਉਨ੍ਹਾਂ ਦੇ ਦਿਮਾਗ ਦੇ ਕੁਝ ਖ਼ਾਸ ਸੈੱਲਾਂ ਦੀ ਸਰਗਰਮੀ ਦੇਖੀ ਗਈ। ਇਹ ਸੈੱਲ ਦਿਮਾਗ਼ ਦਾ ਇਕ ਅਜਿਹਾ ਰਾਹ ਬਣਾਉਂਦੇ ਹਨ, ਜੋ ਬੇਸੋਲੈਟਰਲ ਐਮਿਗਡਾਲਾ (ਜੋ ਭਾਵਨਾਵਾਂ ਤੇ ਤਣਾਅ ਦੇ ਸੰਕੇਤਾਂ ਦਾ ਪ੍ਰੋਸੈੱਸ ਕਰਦਾ ਹੈ) ਨੂੰ ਮੀਡੀਅਲ ਪ੍ਰੀਫਰੰਟਲ ਕਾਰਟੈਕਸ (ਜੋ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ) ਨਾਲ ਜੋੜਦਾ ਹੈ। ਪਟੇਲ ਨੇ ਕਿਹਾ ਕਿ ਸਾਡੇ ਕੰਮ ਤੋਂ ਪਤਾ ਲੱਗਦਾ ਹੈ ਕਿ ਇਕੱਲੇਪਣ ਦੌਰਾਨ ਦਿਮਾਗ਼ ਦਾ ਇਕ ਖ਼ਾਸ ਰਾਹ ਬਹੁਤ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਤੇ ਸਿੱਧੇ ਤੌਰ ’ਤੇ ਸ਼ਰਾਬ ਪੀਣ ਦੀ ਆਦਤ ਨੂੰ ਵਧਾਉਂਦਾ ਹੈ। ਨਾਲ ਹੀ, ਇਕੱਲੇ ਹੋਣ ’ਤੇ ਮਰਦ ਤੇ ਮਹਿਲਾਵਾਂ ਵੱਖ-ਵੱਖ ਤਰ੍ਹਾਂ ਦੇ ਨਿਊਰਲ ਤਰੀਕਿਆਂ ਦੀ ਵਰਤੋਂ ਕਰਦੇ ਹਨ। ਇਸ ਨਾਲ ਨਿਊਰੋਸਾਈਕੀਆਟ੍ਰਿਕ ਬਿਮਾਰੀਆਂ ’ਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਮਹਿਲਾ-ਮਰਦ ਦੇ ਅੰਤਰ ਨੂੰ ਸਮਝਣ ’ਚ ਮਦਦ ਮਿਲ ਸਕਦੀ ਹੈ।