- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ਵਿਚ ਸੀਬੀਆਈ ਨੇ ਛੇ ਸਾਲ ਬਾਅਦ ਐੱਫਆਈਆਰ ਦਰਜ ਕਰ ਲਈ ਹੈ। ਇਸ ਵਿਚ ਕਿਸੇ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ। ਬਾਂਬੇ ਹਾਈ ਕੋਰਟ ਦੇ ਨਿਰਦੇਸ਼ ’ਤੇ ਕੇਂਦਰੀ ਏਜੰਸੀ ਨੇ ਜਾਂਚ ਦੇ ਸ਼ੁਰੂਆਤੀ ਪੜਾਅ ਵਿਚ ਦਿਸ਼ਾ ਦੇ ਪਿਤਾ ਸਤੀਸ਼ ਸਾਲਿਆਨ ਦਾ ਬਿਆਨ ਵੀ ਦਰਜ ਕਰ ਲਿਆ ਹੈ।

ਸਟੇਟ ਬਿਊਰੋ, ਜਾਗਰਣ, ਮੁੰਬਈ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ਵਿਚ ਸੀਬੀਆਈ ਨੇ ਛੇ ਸਾਲ ਬਾਅਦ ਐੱਫਆਈਆਰ ਦਰਜ ਕਰ ਲਈ ਹੈ। ਇਸ ਵਿਚ ਕਿਸੇ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ। ਬਾਂਬੇ ਹਾਈ ਕੋਰਟ ਦੇ ਨਿਰਦੇਸ਼ ’ਤੇ ਕੇਂਦਰੀ ਏਜੰਸੀ ਨੇ ਜਾਂਚ ਦੇ ਸ਼ੁਰੂਆਤੀ ਪੜਾਅ ਵਿਚ ਦਿਸ਼ਾ ਦੇ ਪਿਤਾ ਸਤੀਸ਼ ਸਾਲਿਆਨ ਦਾ ਬਿਆਨ ਵੀ ਦਰਜ ਕਰ ਲਿਆ ਹੈ।
ਆਪਣੇ ਬਿਆਨ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਸਮੇਤ ਕਈ ਲੋਕਾਂ ਨੇ ਕਥਿਤ ਸਾਜ਼ਿਸ਼ ਤੇ ਬਾਅਦ ਵਿਚ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਹਾਈ ਕੋਰਟ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਜਾਂਚ ਦੌਰਾਨ ਲੋੜੀਂਦੀ ਸਮੱਗਰੀ ਸਾਹਮਣੇ ਆਉਣ ਤੱਕ ਕਿਸੇ ਵਿਅਕਤੀ ਨੂੰ ਮੁਲਜ਼ਮ ਨਹੀਂ ਬਣਾਇਆ ਜਾਵੇਗਾ। ਜੇ ਜਾਂਚ ਵਿਚ ਅਪਰਾਧ ਦਾ ਮਾਮਲਾ ਨਹੀਂ ਬਣਦਾ ਤਾਂ ਸੀਬੀਆਈ ਨੂੰ ਅਦਾਲਤ ਸਾਹਮਣੇ ਢੁਕਵੀਂ ਸਮਰੀ ਰਿਪੋਰਟ ਦਾਖ਼ਲ ਕਰਨੀ ਪਵੇਗੀ। ਅਜਿਹੀ ਸਥਿਤੀ ਵਿਚ ਸਤੀਸ਼ ਸਾਲਿਆਨ ਨੂੰ ਉਸ ਰਿਪੋਰਟ ਵਿਰੁੱਧ ਪਟੀਸ਼ਨ ਦਾਖ਼ਲ ਕਰਨ ਦਾ ਹੱਕ ਹੋਵੇਗਾ।
ਦਿਸ਼ਾ ਸਾਲਿਆਨ ਦੀ ਅੱਠ ਜੂਨ, 2020 ਨੂੰ ਮੁੰਬਈ ਦੇ ਮਾਲਾਡ ਸਥਿਤ ਇਕ ਰਿਹਾਇਸ਼ੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਮੁੰਬਈ ਪੁਲਿਸ ਨੇ ਹਾਦਸੇ ਵਿਚ ਮੌਤ ਦੀ ਰਿਪੋਰਟ ਦਰਜ ਕੀਤੀ ਸੀ। ਬਾਅਦ ਦੀ ਜਾਂਚ ਵਿਚ ਪੁਲਿਸ ਨੇ ਇਸ ਨੂੰ ਖ਼ੁਦਕੁਸ਼ੀ ਦੱਸਿਆ ਸੀ। ਦਿਸ਼ਾ ਦੀ ਮੌਤ ਤੋਂ ਮਹਿਜ਼ ਛੇ ਦਿਨ ਬਾਅਦ 14 ਜੂਨ, 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਬਾਂਦਰਾ ਸਥਿਤ ਘਰ ਵਿਚ ਮ੍ਰਿਤ ਮਿਲੇ ਸਨ।
ਦੋਵਾਂ ਘਟਨਾਵਾਂ ਵਿਚਕਾਰ ਸੰਭਾਵੀ ਸਬੰਧ ਨੂੰ ਲੈ ਕੇ ਲੰਬੇ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਏ ਜਾਂਦੇ ਰਹੇ ਹਨ। ਹਾਲਾਂਕਿ, ਦੋਵਾਂ ਮਾਮਲਿਆਂ ਵਿਚਕਾਰ ਕਿਸੇ ਅਪਰਾਧਕ ਸਬੰਧ ਦੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਹੈ।
ਸੀਬੀਆਈ ਦੀ ਐੱਫਆਈਆਰ ਵਿਚ ਅਪਰਾਧਕ ਸਾਜ਼ਿਸ਼, ਸਮੂਹਿਕ ਜਬਰ-ਜਨਾਹ, ਕਤਲ, ਸਬੂਤ ਮਿਟਾਉਣ ਅਤੇ ਅਪਰਾਧੀਆਂ ਨੂੰ ਬਚਾਉਣ ਲਈ ਸਰਕਾਰੀ ਮੁਲਾਜ਼ਮਾਂ ਵੱਲੋਂ ਗ਼ਲਤ ਰਿਕਾਰਡ ਬਣਾਉਣ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਰਸਮੀ ਜਾਂਚ ਦੇ ਨਾਲ-ਨਾਲ ਬਿਆਨ ਦਰਜ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਸਤੀਸ਼ ਸਾਲਿਆਨ ਨੇ ਸੀਬੀਆਈ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ 11 ਜੂਨ ਨੂੰ ਆਪਣੀ ਧੀ ਦੀ ਲਾਸ਼ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਖ਼ੁਦਕੁਸ਼ੀ ਦੀ ਥਿਊਰੀ ’ਤੇ ਸ਼ੱਕ ਹੋਇਆ, ਕਿਉਂਕਿ ਉਨ੍ਹਾਂ ਨੂੰ ਸਰੀਰ ’ਤੇ ਕਿਤੇ ਵੀ ਖ਼ੂਨ ਜਾਂ ਕਈ ਸੱਟਾਂ ਦਿਖਾਈ ਨਹੀਂ ਦਿੱਤੀਆਂ। ਉਨ੍ਹਾਂ ਨੂੰ ਇਹ ਮੰਨਣ ਲਈ ਵੀ ਮਨਾਇਆ ਗਿਆ ਕਿ ਦਿਸ਼ਾ ਨਸ਼ੇ ਦੀ ਹਾਲਤ ਵਿਚ ਗ਼ਲਤੀ ਨਾਲ ਡਿੱਗ ਗਈ ਸੀ। ਪੁਲਿਸ ਨੇ ਉਨ੍ਹਾਂ ਨੂੰ ਦਸਤਾਵੇਜ਼ਾਂ ਦਾ ਮਤਲਬ ਸਮਝਾਏ ਬਿਨਾਂ ਹੀ ਉਨ੍ਹਾਂ ’ਤੇ ਦਸਤਖ਼ਤ ਕਰਵਾ ਲਏ ਸਨ।
ਉਨ੍ਹਾਂ ਦੋਸ਼ ਲਾਇਆ ਹੈ ਕਿ ਕੰਮ ਦੌਰਾਨ ਦਿਸ਼ਾ ਨੂੰ ਨਸ਼ਿਆਂ ਅਤੇ ਬੱਚਿਆਂ ਦੀ ਤਸਕਰੀ ਦੇ ਇਕ ਰੈਕੇਟ ਬਾਰੇ ਪਤਾ ਲੱਗ ਗਿਆ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਉਨ੍ਹਾਂ ਦੀ ਧੀ ਦੀ ਪੋਸਟਮਾਰਟਮ ਰਿਪੋਰਟ ਦੀ ਕੋਈ ਕਾਪੀ ਦਿੱਤੀ ਗਈ। ਇਸ ਲਈ ਕਥਿਤ ਅਪਰਾਧਾਂ ਵਿਚ ਕਈ ਲੋਕਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਜਿਨ੍ਹਾਂ ਵਿਚ ਅਪਰਾਧਕ ਸਾਜ਼ਿਸ਼, ਖ਼ੁਦਕੁਸ਼ੀ ਦੀ ਝੂਠੀ ਕਹਾਣੀ ਬਣਾਉਣਾ ਤੇ ਫੈਲਾਉਣਾ, ਸਬੂਤਾਂ ਨੂੰ ਕਥਿਤ ਤੌਰ ’ਤੇ ਦਬਾਉਣਾ, ਨਸ਼ਟ ਕਰਨਾ ਜਾਂ ਮਨਘੜਤ ਤਰੀਕੇ ਨਾਲ ਤਿਆਰ ਕਰਨਾ ਸ਼ਾਮਲ ਹੈ। ਸੀਬੀਆਈ ਹੁਣ ਪੁਲਿਸ ਦੇ ਪੁਰਾਣੇ ਰਿਕਾਰਡ, ਪੋਸਟਮਾਰਟਮ ਰਿਪੋਰਟ, ਘਟਨਾ ਸਥਾਨ ਨਾਲ ਜੁੜੇ ਦਸਤਾਵੇਜ਼, ਗਵਾਹਾਂ ਦੇ ਬਿਆਨਾਂ ਅਤੇ ਹੋਰ ਉਪਲਬਧ ਸਬੂਤਾਂ ਦੀ ਨਵੇਂ ਸਿਰੇ ਤੋਂ ਜਾਂਚ ਕਰੇਗੀ। ਸੀਬੀਆਈ ਇਸ ਲਈ ਮਾਲਵਣੀ ਪੁਲਿਸ ਨੂੰ ਪੱਤਰ ਲਿਖ ਚੁੱਕੀ ਹੈ।
ਪਿਛਲੇ ਸਾਲ ਕੀਤੀ ਸੀ ਸੁਤੰਤਰ ਜਾਂਚ ਦੀ ਮੰਗ
ਸਤੀਸ਼ ਸਾਲਿਆਨ ਨੇ ਸਾਲ 2025 ਵਿਚ ਬਾਂਬੇ ਹਾਈ ਕੋਰਟ ਦਾ ਰੁਖ਼ ਕਰ ਕੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪਟੀਸ਼ਨ ਵਿਚ ਆਦਿੱਤਿਆ ਠਾਕਰੇ ਸਮੇਤ ਕੁਝ ਪ੍ਰਭਾਵਸ਼ਾਲੀ ਲੋਕਾਂ ਵਿਰੁੱਧ ਐੱਫਆਈਆਰ ਦਰਜ ਕਰਨ ਅਤੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਸ਼ੁਰੂ ਤੋਂ ਹੀ ਆਦਿੱਤਿਆ ਠਾਕਰੇ ਵੱਲ ਉਂਗਲਾਂ ਉੱਠਦੀਆਂ ਰਹੀਆਂ ਹਨ। ਆਦਿੱਤਿਆ ਠਾਕਰੇ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਪਟੀਸ਼ਨ ਨੂੰ ਝੂਠੀ, ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸ ਚੁੱਕੇ ਹਨ। ਇਸ ਲਈ ਹੁਣ ਸੀਬੀਆਈ ਦੀ ਜਾਂਚ ਵਿਚ ਸਾਹਮਣੇ ਆਉਣ ਵਾਲੇ ਸਬੂਤ ਹੀ ਅੱਗੇ ਦੀ ਦਿਸ਼ਾ ਤੈਅ ਕਰਨਗੇ।
ਹਾਈ ਕੋਰਟ ਨੇ ਕਿਹਾ, ਪੁਲਿਸ ਜਾਂਚ ਨੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਖੜ੍ਹੇ ਕੀਤੇ
ਸਤੀਸ਼ ਸਾਲਿਆਨ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਦੋ ਸਤੰਬਰ, 2026 ਨੂੰ ਮਾਮਲੇ ਦੀ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਕਰੀਬ ਛੇ ਸਾਲ ਤੱਕ ਚੱਲੀ ਪੁਲਿਸ ਜਾਂਚ ਨੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੰਨੇ ਲੰਬੇ ਸਮੇਂ ਤੱਕ ਕਿਸੇ ਮਾਮਲੇ ਦੀ ਜਾਂਚ ਬਿਨਾਂ ਕਿਸੇ ਠੋਸ ਨਤੀਜੇ ਦੇ ਨਹੀਂ ਖਿੱਚੀ ਜਾਣੀ ਚਾਹੀਦੀ। ਅਦਾਲਤ ਨੇ ਪੁਲਿਸ ਦੀ ਉਸ ਕਾਰਵਾਈ ’ਤੇ ਵੀ ਸਵਾਲ ਉਠਾਇਆ, ਜਿਸ ਵਿਚ ਸੰਗੀਨ ਅਪਰਾਧ ਦੀ ਐੱਫਆਈਆਰ ਦਰਜ ਕੀਤੇ ਬਿਨਾਂ ਜਾਂਚ ਕੀਤੀ ਗਈ। ਹਾਈ ਕੋਰਟ ਨੇ ਇਸ ਨੂੰ ਨਾਕਾਫ਼ੀ ਤੇ ਅਸੰਤੋਸ਼ਜਨਕ ਦੱਸਦਿਆਂ ਸਾਰੇ ਸਬੰਧਤ ਦਸਤਾਵੇਜ਼ ਅਤੇ ਸਮੱਗਰੀ ਸੀਬੀਆਈ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਸੀ।
ਜਾਂਚ ਦੇ ਕਈ ਬਿੰਦੁਆਂ ’ਤੇ ਉਠਾਏ ਸਨ ਸਵਾਲ
ਹਾਈ ਕੋਰਟ ਸਾਹਮਣੇ ਪੁਲਿਸ ਜਾਂਚ ਨਾਲ ਜੁੜੇ ਕਈ ਨੁਕਤੇ ਆਏ, ਜਿਨ੍ਹਾਂ ’ਤੇ ਅਦਾਲਤ ਨੇ ਸਪੱਸ਼ਟੀਕਰਨ ਮੰਗਿਆ। ਰਿਪੋਰਟ ਮੁਤਾਬਕ ਘਟਨਾ ਸਥਾਨ ਦਾ ਪੰਚਨਾਮਾ ਕਾਫ਼ੀ ਦੇਰ ਨਾਲ ਕੀਤੇ ਜਾਣ ਨੂੰ ਲੈ ਕੇ ਵੀ ਸਵਾਲ ਉੱਠੇ। ਅਦਾਲਤ ਨੇ ਇਹ ਵੀ ਗ਼ੌਰ ਕੀਤਾ ਕਿ ਗਵਾਹਾਂ ਵੱਲੋਂ ਖ਼ੂਨ ਨਿਕਲਣ ਦੀ ਗੱਲ ਕਹਿਣ ਦੇ ਬਾਵਜੂਦ ਘਟਨਾ ਸਥਾਨ ਤੋਂ ਖ਼ੂਨ ਨਾਲ ਰੰਗੀ ਮਿੱਟੀ ਬਰਾਮਦ ਹੋਣ ਦਾ ਕੋਈ ਜ਼ਿਕਰ ਨਹੀਂ ਸੀ। ਪੋਸਟਮਾਰਟਮ ਰਿਪੋਰਟ ਵਿਚ ਛੇ ਬਾਹਰੀ ਸੱਟਾਂ ਦੇ ਨਾਲ ਖੋਪੜੀ ਵਿਚ ਫ੍ਰੈਕਚਰ ਅਤੇ ਪਸਲੀਆਂ ਵਿਚ ਕਈ ਫ੍ਰੈਕਚਰ ਦਰਜ ਹੋਣ ਦੀ ਗੱਲ ਸਾਹਮਣੇ ਆਈ। ਅਦਾਲਤ ਨੇ ਸੱਟਾਂ ਅਤੇ ਕਥਿਤ ਉਚਾਈ ਤੋਂ ਡਿੱਗਣ ਦੇ ਹਾਲਾਤ ਵਿਚਕਾਰ ਵੀ ਸਵਾਲ ਉਠਾਏ ਸਨ।
ਸਤੀਸ਼ ਸਾਲਿਆਨ ਨੇ ਇਨ੍ਹਾਂ ਲੋਕਾਂ ਦੇ ਨਾਂ ਲਏ
ਆਦਿੱਤਿਆ ਠਾਕਰੇ, ਰੋਹਨ ਰਾਏ, ਡੀਨੋ ਮੋਰੀਆ, ਸੂਰਜ ਪੰਚੋਲੀ, ਆਦਿੱਤਿਆ ਠਾਕਰੇ ਦੇ ਬਾਡੀਗਾਰਡ, ਰੀਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਸਚਿਨ ਵਾਜੇ, ਪਰਮਬੀਰ ਸਿੰਘ, ਡੀਸੀਪੀ ਵਿਸ਼ਾਲ ਠਾਕੁਰ, ਊਧਵ ਠਾਕਰੇ, ਅਨਿਲ ਦੇਸ਼ਮੁਖ, ਮਾਲਵਣੀ ਪੁਲਿਸ ਸਟੇਸ਼ਨ ਨਾਲ ਜੁੜੇ ਅਧਿਕਾਰੀ, ਪੋਸਟਮਾਰਟਮ ਵਿਚ ਦੇਰੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਡਾਕਟਰ ਤੇ ਮੁਲਾਜ਼ਮ, ਕਲੀਨਾ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਮੁਲਾਜ਼ਮ, ਰੀਜੈਂਟ ਗੈਲੇਕਸੀ ਇਮਾਰਤ ਦੇ ਸੁਰੱਖਿਆ ਗਾਰਡ ਅਤੇ ਕਈ ਹੋਰ ਲੋਕ।