ਸਨਾਤਨ ਮਹਾਗਾਥਾਵਾਂ ਨਾਲ ਸਿਨੇਮਾ ਨੂੰ ਮਿਲੇਗਾ ਨਵਾਂ ਰੰਗ! 'ਮਹਾਕਾਲੀ ਤੋਂ ਹਨੂੰਮਾਨ ਤੱਕ' ਆ ਰਹੀਆਂ ਹਨ 11 ਵੱਡੀਆਂ ਪੌਰਾਣਿਕ ਫ਼ਿਲਮਾਂ
ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ 'ਰਾਮਾਇਣਮ ਪਾਰਟ-1' ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ 'ਚ ਦਰਸ਼ਕਾਂ ਨੂੰ 11 ਅਜਿਹੀਆਂ ਵੱਡੀਆਂ ਧਾਰਮਿਕ ਤੇ ਕਲਪਨਾ ਤੋਂ ਪਰੇ ਫੈਂਟਸੀ ਕਹਾਣੀਆਂ 'ਤੇ ਆਧਾਰਿਤ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ ਜੋ ਸਨਾਤਨ ਮਹਾਗਾਥਾਵਾਂ ਤੇ ਪਾਤਰਾਂ ਤੋਂ ਪ੍ਰੇਰਿਤ ਹੋਣਗੀਆਂ। ਆਓ, ਇਨ੍ਹਾਂ ਫ਼ਿਲਮਾਂ ਦੀ ਸੂਚੀ ਜਾਣਦੇ ਹਾਂ...
Publish Date: Tue, 27 Oct 2026 01:10 PM (IST)
Updated Date: Tue, 27 Oct 2026 01:27 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸਿਨੇਮਾ ਦਾ ਨਵਾਂ ਦੌਰ ਨਾ ਸਿਰਫ਼ ਇਤਿਹਾਸ ਦੇ ਪੰਨਿਆਂ ਨੂੰ ਮੁੜ ਖੋਲ੍ਹ ਰਿਹਾ ਹੈ, ਸਗੋਂ ਆਸਥਾ ਦਾ ਸਨਮਾਨ ਕਰਦਿਆਂ ਪੌਰਾਣਿਕ ਫ਼ਿਲਮਾਂ ਦਾ ਨਿਰਮਾਣ ਵੀ ਕਰ ਰਿਹਾ ਹੈ। ਰਣਬੀਰ ਕਪੂਰ ਦੀ ਰਾਮਾਇਣਮ ਦਾ ਨਾਂ ਇਸ ਸਮੇਂ ਪੌਰਾਣਿਕ ਫ਼ਿਲਮ ਵਜੋਂ ਚਰਚਾ 'ਚ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ 'ਰਾਮਾਇਣਮ ਪਾਰਟ-1' ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ 'ਚ ਦਰਸ਼ਕਾਂ ਨੂੰ 11 ਅਜਿਹੀਆਂ ਵੱਡੀਆਂ ਧਾਰਮਿਕ ਤੇ ਕਲਪਨਾ ਤੋਂ ਪਰੇ ਫੈਂਟਸੀ ਕਹਾਣੀਆਂ 'ਤੇ ਆਧਾਰਿਤ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ ਜੋ ਸਨਾਤਨ ਮਹਾਗਾਥਾਵਾਂ ਤੇ ਪਾਤਰਾਂ ਤੋਂ ਪ੍ਰੇਰਿਤ ਹੋਣਗੀਆਂ। ਆਓ, ਇਨ੍ਹਾਂ ਫ਼ਿਲਮਾਂ ਦੀ ਸੂਚੀ ਜਾਣਦੇ ਹਾਂ।
1. ਵਾਰਾਨਸੀ (Varanasi)
ਪੌਰਾਣਿਕ ਕਹਾਣੀਆਂ ਤੋਂ ਪ੍ਰੇਰਿਤ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ਸੂਚੀ 'ਚ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਦੀ ਬਹੁਚਰਚਿਤ ਫ਼ਿਲਮ 'ਵਾਰਾਨਸੀ' ਦਾ ਨਾਂ ਵੀ ਸ਼ਾਮਲ ਹੈ। ਇਸ 'ਚ ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਭਗਵਾਨ ਸ਼ਿਵ ਦੇ ਪਿਆਰੇ ਸ਼ਹਿਰ ਕਾਸ਼ੀ ਦੇ ਇਤਿਹਾਸ ਨਾਲ ਸਬੰਧਤ ਹੈ। ਇਹ ਫ਼ਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
2. ਮਹਾਕਾਲੀ (Mahakali)
ਇਸ ਸੂਚੀ 'ਚ ਅਗਲਾ ਨਾਂ ਅਦਾਕਾਰ ਅਕਸ਼ੈ ਖੰਨਾ ਦੀ ਬੇਹੱਦ ਉਡੀਕੀ ਜਾ ਰਹੀ ਫ਼ਿਲਮ 'ਮਹਾਕਾਲੀ' ਦਾ ਹੈ। ਇਸ 'ਚ ਅਕਸ਼ੈ ਅਸੁਰ ਗੁਰੂ ਸ਼ੁੱਕਰਾਚਾਰੀਆ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਮਹਾਸ਼ਕਤੀ ਕਾਲੀ ਵੱਲੋਂ ਰਕਤਬੀਜ ਦਾ ਸੰਹਾਰ ਕਰਨ 'ਤੇ ਆਧਾਰਿਤ ਹੋਵੇਗੀ। ਇਹ ਪੌਰਾਣਿਕ ਫ਼ਿਲਮ 8 ਜਨਵਰੀ 2027 ਨੂੰ ਰਿਲੀਜ਼ ਹੋਵੇਗੀ।
3. ਮਹਾ ਅਵਤਾਰ ਪਰਸ਼ੂਰਾਮ (Mahavatar Parshuram)
'ਮਹਾਵਤਾਰ ਸਿਨੇਮੈਟਿਕ ਯੂਨੀਵਰਸ' ਦੀ ਅਗਲੀ ਪੇਸ਼ਕਸ਼ ਵਜੋਂ ਐਨੀਮੇਟਿਡ ਫ਼ਿਲਮ 'ਮਹਾਵਤਾਰ ਪਰਸ਼ੂਰਾਮ' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਫ਼ਿਲਮ 'ਚ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦੀ ਕਹਾਣੀ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਅਗਲੇ ਸਾਲ ਦੇ ਅੰਤ ਤੱਕ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਵੇਗੀ।
4. ਕਲਕੀ 2 (Kalki 2)
ਦੱਖਣ ਭਾਰਤੀ ਸਿਨੇਮਾ ਦੇ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ 'ਕਲਕੀ 2' ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪੌਰਾਣਿਕ ਅਤੇ ਫੈਂਟਸੀ ਸਿਨੇਮਾ ਦੇ ਰੰਗ 'ਚ ਬਣ ਰਹੀ ਇਸ ਫ਼ਿਲਮ ਦੇ ਸੀਕਵਲ 'ਚ ਮਹਾਭਾਰਤ ਦੇ ਪਾਤਰਾਂ ਕਰਨ ਅਤੇ ਅਸ਼ਵੱਥਾਮਾ ਦੀ ਕਹਾਣੀ ਨੂੰ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਜਾਵੇਗਾ।
5. ਜੈ ਹਨੂੰਮਾਨ (Jai Hanuman)
'ਕਾਂਤਾਰਾ' ਫ਼ਿਲਮ ਫ੍ਰੈਂਚਾਇਜ਼ੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਿਸ਼ਭ ਸ਼ੈੱਟੀ ਆਉਣ ਵਾਲੇ ਸਮੇਂ 'ਚ ਫ਼ਿਲਮ 'ਜੈ ਹਨੂੰਮਾਨ' 'ਚ ਬਜਰੰਗਬਲੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਖਣ ਭਾਰਤੀ ਫ਼ਿਲਮ ਨਿਰਮਾਤਾ ਪ੍ਰਸ਼ਾਂਤ ਵਰਮਾ ਵੱਲੋਂ ਫ਼ਿਲਮ 'ਹਨੂ-ਮੈਨ' ਦੀ ਵੱਡੀ ਸਫ਼ਲਤਾ ਤੋਂ ਬਾਅਦ ਸੁਪਰਹੀਰੋ ਅਤੇ ਪੌਰਾਣਿਕ ਸ਼ੈਲੀ ਵਾਲੀ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਅਜੇ ਤੱਕ ਇਸ ਦੀ ਰਿਲੀਜ਼ ਦੀ ਤਰੀਕ ਸਾਹਮਣੇ ਨਹੀਂ ਆਈ ਹੈ।
6. ਹਨੂਮਾਨ ਅੰਸ਼ 2 (Hanumansh 2)
ਇਸ ਸਾਲ ਦੀਆਂ ਸਭ ਤੋਂ ਸਫ਼ਲ ਹਿੰਦੀ ਫ਼ਿਲਮਾਂ 'ਚ ਸ਼ਾਮਲ 'ਹਨੂਮਾਨ ਅੰਸ਼' ਦੇ ਸੀਕਵਲ ਦਾ ਐਲਾਨ ਨਿਰਮਾਤਾਵਾਂ ਵੱਲੋਂ ਕੀਤਾ ਗਿਆ ਹੈ। ਇਸ 'ਚ ਨੀਮ ਕਰੋਲੀ ਬਾਬਾ ਦੀ ਕਹਾਣੀ ਨੂੰ ਹੋਰ ਵਿਸਥਾਰ ਨਾਲ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਅਜੇ ਤੱਕ ਇਸ ਦੀ ਰਿਲੀਜ਼ ਦੀ ਤਰੀਕ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
7. ਰਾਮਾਇਣਮ ਪਾਰਟ-2 (Ramayana Part-2)
ਰਣਬੀਰ ਕਪੂਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਰਾਮਾਇਣਮ' ਦਾ ਪਹਿਲਾ ਭਾਗ ਇਸੇ ਦੀਵਾਲੀ 'ਤੇ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗਾ। ਹਾਲਾਂਕਿ, ਨਿਰਮਾਤਾਵਾਂ ਵੱਲੋਂ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਕਿ 'ਰਾਮਾਇਣਮ ਪਾਰਟ-2' ਅਗਲੇ ਸਾਲ ਦੀਵਾਲੀ ਮੌਕੇ ਸਿਨੇਮਾਘਰਾਂ 'ਚ ਦਿਖਾਈ ਜਾਵੇਗੀ।
8. ਰਾਮ ਬੋਲਾ (Ram Bola)
'ਹਨੂਮਾਨ ਅੰਸ਼' ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਵੱਲੋਂ ਫ਼ਿਲਮ 'ਰਾਮ ਬੋਲਾ' ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ ਮਹਾਨ ਸੰਤ ਗੋਸਵਾਮੀ ਤੁਲਸੀਦਾਸ ਦੇ ਜੀਵਨ ਤੋਂ ਪ੍ਰੇਰਿਤ ਹੋਵੇਗੀ। ਇਸ ਦਾ ਨਿਰਮਾਣ ਮਹਾਵੀਰ ਜੈਨ ਫ਼ਿਲਮਜ਼ ਦੇ ਬੈਨਰ ਹੇਠ ਕੀਤਾ ਜਾਵੇਗਾ।
9. ਮੁਕੁਥੀ ਅੰਮਨ 2 (Mookuthi Amman 2)
ਦੱਖਣ ਭਾਰਤੀ ਸਿਨੇਮਾ ਦੀ ਲੇਡੀ ਸੁਪਰਸਟਾਰ ਨਯਨਤਾਰਾ ਦੀ ਬਹੁਚਰਚਿਤ ਫ਼ਿਲਮ 'ਮੁਕੁਥੀ ਅੰਮਨ' ਦੇ ਸੀਕਵਲ ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ 'ਚ ਨਯਨਤਾਰਾ ਮਹਾਸ਼ਕਤੀ ਦੇਵੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੀ ਸ਼ੈਲੀ ਪੌਰਾਣਿਕ ਕਹਾਣੀ ਅਤੇ ਐਕਸ਼ਨ ਡਰਾਮਾ ਹੋਵੇਗੀ।
10. ਮਹਾਵੀਰ ਕਰਨ (Mahaveer Karna)
ਦੱਖਣ ਭਾਰਤੀ ਸਿਨੇਮਾ ਦੇ ਦਿੱਗਜ ਫ਼ਿਲਮ ਨਿਰਮਾਤਾ ਰਮੇਸ਼ ਵਰਮਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਮਹਾਵੀਰ ਕਰਨ' 'ਚ ਮਹਾਭਾਰਤ ਦੇ ਪ੍ਰਸਿੱਧ ਪਾਤਰ ਕਰਨ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਇਹ ਇੱਕ ਹਾਈਬ੍ਰਿਡ ਲਾਈਵ-ਐਕਸ਼ਨ ਪੌਰਾਣਿਕ ਮਹਾਗਾਥਾ ਹੈ, ਜਿਸ 'ਚ ਅਦਾਕਾਰ ਰਾਘਵ ਲਾਰੈਂਸ ਕਰਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
11. ਮੇਰਾ ਯਾਰ ਬਜਰੰਗੀ (Mera Yaar Bajrangi)
ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣ ਵਾਲੀਆਂ ਪੌਰਾਣਿਕ ਅਤੇ ਕਾਲਪਨਿਕ ਫ਼ਿਲਮਾਂ ਦੀ ਸੂਚੀ 'ਚ ਅਦਾਕਾਰ ਰਵੀ ਕਿਸ਼ਨ ਦੀ ਨਵੀਂ ਫ਼ਿਲਮ 'ਮੇਰਾ ਯਾਰ ਬਜਰੰਗੀ' ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਸ ਫ਼ਿਲਮ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ ਅਤੇ ਇਸ ਨੂੰ 2027 'ਚ ਰਿਲੀਜ਼ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।