- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਸਰਕਾਰਾਂ ਦੀ ਵਾਗ ਡੋਰ ਪੂੰਜੀਪਤੀ ਘਰਾਣਿਆਂ ਦੇ ਹੱਥਾਂ ’ਚ ਆਈ, ਤਾਂ ਨਵੀਆਂ ਨੀਤੀਆਂ ਘੜੀਆਂ ਜਾਣ ਲੱਗੀਆਂ। ਪਤਾ ਹੀ ਨਾ ਲੱਗਿਆ, ਕਿ ਠੇਕਾ ਸ਼ਬਦ ਕਦੋਂ ਸਰਕਾਰੀ ਸੇਵਾ ’ਚ ਘੁਸਪੈਠ ਗਿਆ। ਹਰ ਵਿਭਾਗ ਨੇ ਕੰਟਰੈਕਟ ਤੇ ਕਾਮੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ। ਨਿਗੂਣੀਆਂ ਤਨਖ਼ਾਹਾਂ, ਬਰਾਬਰ ਕੰਮ, ਕੰਮ ਦਾ ਬੋਝ ਸਗੋਂ ਵਧਿਆ ਪਰ ਸਰਕਾਰਾਂ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, ਕਿ ਸਰਕਾਰੀ ਕਾਮੇ ਤਾਂ ਖਜ਼ਾਨੇ ’ਤੇ ਵੱਡਾ ਬੋਝ ਹਨ।

ਹਰਸੰਤ ਸਿੰਘ ਢੀਂਡਸਾ
ਸਰਕਾਰੀ ਨੌਕਰੀ ਦਾ ਨਾਂ ਸੁਣਦਿਆਂ ਹੀ, ਇੰਝ ਲੱਗਦਾ ਹੈ, ਕਿ ਬੰਦੇ ਦੇ ਭਾਗ ਖੁੱਲ੍ਹ ਗਏ। ਪੂਰੀ ਜ਼ਿੰਦਗੀ ਦੀ ਰੋਟੀ ਲੱਗ ਗਈ। ਇਕ ਸਰਕਾਰੀ ਨੌਕਰੀ ਦੇ ਪਿੱਛੇ ਪੂਰੇ ਪਰਿਵਾਰ ਦੀ ਰੋਟੀ ਜੁੜੀ ਹੋਈ ਹੁੰਦੀ ਹੈ। ਬਜ਼ੁਰਗਾਂ ਦੀ ਦਵਾਈ ਤੇ ਬੱਚਿਆਂ ਦੀ ਪੜ੍ਹਾਈ, ਨੌਕਰੀ-ਪੇਸ਼ਾ ਲੋਕਾਂ ਲਈ ਵੱਡੀ ਜਿੰਮੇਵਾਰੀ ਹੁੰਦੀ ਹੈ। ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ, ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਠੰਢ ’ਚ ਰਜਾਈ ਦਾ ਤਿਆਗ ਤੇ ਜੇਠ ਹਾੜ ਦੀਆਂ ਗਰਮੀਆਂ ਦਾ ਕਹਿਰ, ਮਿਹਨਤੀ ਵਿਦਿਆਰਥੀਆਂ ਦੇ ਸਿਰ ਉੱਤੋਂ ਦੀ ਲੰਘਦਾ ਹੈ। ਅੱਖਰਾਂ ਦੀ ਖਾਕ ਛਾਨਣ ਦੇ ਨਾਲੋਂ ਕੋਈ ਕੰਮ ਔਖਾ ਨਹੀਂ, ਕਿਉਂਕਿ ਕਿਰਤ ਕਰਨ ਵਾਲੇ ਕਾਮਿਆਂ ਨੂੰ ਨਤੀਜਿਆਂ ਦਾ ਫਿਕਰ ਨਹੀਂ ਹੁੰਦਾ। ਕਿਰਤੀ ਕਾਮੇ, ਸਾਰਾ ਦਿਨ ਕੰਮ ਤੋਂ ਬਾਅਦ ਰਾਤ ਨੂੰ ਆਰਾਮ ਕਰ ਲੈਂਦੇ ਹਨ ਪਰ ਪੜ੍ਹਾਈ ਦਾ ਬੋਝ ਤੇ ਨਤੀਜਿਆਂ ਦਾ ਫਿਕਰ ਮਿਹਨਤੀ ਵਿਦਿਆਰਥੀਆਂ ਨੂੰ ਘੁਣ ਵਾਂਗ ਖਾ ਜਾਂਦਾ ਹੈ। ਨਤੀਜਿਆਂ ਦੇ ਦਿਨਾਂ ’ਚ, ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਸੁਪਨੇ ਸਫਲਤਾਵਾਂ ਅਤੇ ਅਸਫਲਤਾਵਾਂ ਦੇ ਆਉਂਦੇ ਹਨ। ਪੜ੍ਹਾਈ ਛੱਡਿਆ ਭਾਵੇਂ ਦੋ ਦਹਾਕੇ ਹੋ ਗਏ ਪਰ ਸੁਪਨੇ ਅੱਜ ਵੀ ਇਮਤਿਹਾਨਾਂ ਦੇ ਆਉਂਦੇ ਹਨ। ਕਈ ਵਾਰ ਇੰਝ ਲੱਗਦਾ ਹੈ, ਜਿਵੇਂ ਪੇਪਰ ’ਚੋਂ ਲੇਟ ਹੋ ਗਏ ਜਾਂ ਪੇਪਰ ਕਰਦਿਆਂ ਸਮਾਂ ਘੱਟ ਗਿਆ ਹੈ। ਮੇਰੇ ਜੱਸੀ ਜਸਪਾਲ ਦਾ ਗਾਇਆ ਗੀਤ ਚੇਤੇ ਆ ਜਾਂਦਾ ਹੈ, ‘ਕਾਹਨੂੰ ਆਈ ਸੀ ਗ਼ਰੀਬ ਤੇ ਜਵਾਨੀਏ, ਫਿਕਰਾਂ ’ਚ ਮੁੱਕ ਜਾਏਗੀ।’ ਸੱਚਮੁੱਚ ਗ਼ਰੀਬ ਦੀ ਜਵਾਨੀ ਤੰਗੀਆਂ-ਤੁਰਸ਼ੀਆਂ ’ਚ ਬੀਤ ਜਾਂਦੀ ਹੈ। ਮਿਹਨਤੀ ਵਿਦਿਆਰਥੀਆਂ ਦੀ ਜਵਾਨੀ ਦੇ ਹੁਸੀਨ ਸੁਪਨਿਆਂ ਨੂੰ ਪੜ੍ਹਾਈ ਦਾ ਬੋਝ ਖਾ ਜਾਂਦਾ ਹੈ। ਕਿਉਂਕਿ ਉਹਨਾਂ ਨੂੰ ਆਪਣੀ ਮੰਜ਼ਿਲ ਇਸ ਤਰ੍ਹਾਂ ਨਜ਼ਰ ਆਉਂਦੀ ਹੈ, ਜਿਸ ਤਰ੍ਹਾਂ ਅਰਜਨ ਨੇ ਮੱਛੀ ਦੀ ਅੱਖ ’ਚ ਨਿਸ਼ਾਨਾ ਲਾਇਆ ਸੀ ਪਰ ਮੇਰਾ ਵਿਸ਼ਵਾਸ ਹੈ, ਕਿ ਵਿਦਿਆਰਥੀ ਦੀ ਮਿਹਨਤ ਦਾ ਮੁੱਲ ਪਰਮਾਤਮਾ ਜ਼ਰੂਰ ਪਾਉਂਦਾ ਹੈ। ਉਹਨਾਂ ਦੀ ਤਪੱਸਿਆ, ਕਦੇ ਬੇਅਰਥ ਨਹੀਂ ਜਾਂਦੀ। ਜਦੋਂ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਪਹਿਲੀ ਵਾਰ ਹੱਥ ’ਚ ਆਉਂਦਾ ਹੈ। ਤਾਂ ਜ਼ਿੰਦਗੀ ਦਾ ਸਾਰਾ ਥਕੇਵਾਂ ਦੂਰ ਹੋ ਜਾਂਦਾ ਹੈ। ਇਨਸਾਨ ਅਣਗਿਣਤ ਵਰ੍ਹਿਆਂ ਦੀ ਮਿਹਨਤ ਨੂੰ ਭੁੱਲ ਜਾਂਦਾ ਹੈ। ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਲੱਡੂ ਵੰਡਣ ਦੀ ਰਸਮ ਸ਼ੁਰੂ ਹੁੰਦੀ ਹੈ। ਵਿਆਹ ਦੀ ਤਾਰੀਕ ਵਾਂਗ, ਇਨਸਾਨ ਨੂੰ ਆਪਣੀ ਨੌਕਰੀ ਦੀ ਜੁਇਨਿੰਗ ਤਾਰੀਕ ਕਦੇ ਨਹੀਂ ਭੁੱਲਦੀ ਪਰ ਅੱਜ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਤਹਿਤ ਸਰਕਾਰਾਂ ਨੇ ਸਰਕਾਰੀ ਨੌਕਰੀਆਂ ’ਚ ਵੱਡੀ ਕਟੌਤੀ ਕੀਤੀ ਹੈ। ਸਰਕਾਰੀ ਨੌਕਰੀਆਂ ਦੀ ਪਰਿਵਾਰਕ ਸੁਰੱਖਿਆ ਵਾਲੀ ਧਾਰਨਾ ਖ਼ਤਮ ਹੁੰਦੀ ਜਾ ਰਹੀ ਹੈ। ਸਭ ਤੋਂ ਵੱਡਾ ਕੁਹਾੜਾ, ਸਰਕਾਰੀ ਨੌਕਰੀਆਂ ਦੀ ਸੁਰੱਖਿਅਤ ਵਾਲੀ ਸਾਖ਼ ਨੂੰ ਉਸ ਸਮੇਂ ਲੱਗਿਆ, ਜਦੋਂ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਪਰ ਸਰਕਾਰਾਂ ਦਾ ਜਬਰ, ਇੱਥੇ ਖ਼ਤਮ ਨਹੀਂ ਹੋਇਆ। ਸਗੋਂ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਜਦੋਂ ਸਰਕਾਰਾਂ ਦੀ ਵਾਗ ਡੋਰ ਪੂੰਜੀਪਤੀ ਘਰਾਣਿਆਂ ਦੇ ਹੱਥਾਂ ’ਚ ਆਈ, ਤਾਂ ਨਵੀਆਂ ਨੀਤੀਆਂ ਘੜੀਆਂ ਜਾਣ ਲੱਗੀਆਂ। ਪਤਾ ਹੀ ਨਾ ਲੱਗਿਆ, ਕਿ ਠੇਕਾ ਸ਼ਬਦ ਕਦੋਂ ਸਰਕਾਰੀ ਸੇਵਾ ’ਚ ਘੁਸਪੈਠ ਗਿਆ। ਹਰ ਵਿਭਾਗ ਨੇ ਕੰਟਰੈਕਟ ਤੇ ਕਾਮੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ। ਨਿਗੂਣੀਆਂ ਤਨਖ਼ਾਹਾਂ, ਬਰਾਬਰ ਕੰਮ, ਕੰਮ ਦਾ ਬੋਝ ਸਗੋਂ ਵਧਿਆ ਪਰ ਸਰਕਾਰਾਂ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, ਕਿ ਸਰਕਾਰੀ ਕਾਮੇ ਤਾਂ ਖਜ਼ਾਨੇ ’ਤੇ ਵੱਡਾ ਬੋਝ ਹਨ। ਸਰਕਾਰੀ ਵਿਭਾਗਾ ਨੂੰ ਖ਼ਤਮ ਕਰਨ ਵਾਲੀਆਂ ਨੀਤੀਆਂ ਲਿਆਂਦੀਆਂ, ਪ੍ਰਾਈਵੇਟ ਸਿਸਟਮ ਨੂੰ ਲਾਗੂ ਕਰਨ ਲਈ, ਲੋਕਾਂ ਨੂੰ ਸਬਜ਼ਬਾਗ ਦਿਖਾਏ ਗਏ। ਪ੍ਰਾਈਵੇਟ ਸਿਸਟਮ ਅਧੀਨ ਸੁਵਿਧਾ ਕੇਂਦਰ ਖੁੱਲ੍ਹੇ, ਠੇਕੇਦਾਰ ਦੇ ਅਧੀਨ, ਕਿੰਨੇ ਸਾਰੇ ਕਾਮੇ, ਠੇਕੇ ਤੇ ਸੇਵਾਵਾਂ ਦੇਣ ਲੱਗੇ। ਅਸੀਂ ਸੋਚਿਆ, ਵਾਤਾਵਰਨ ਅਨੁਕੂਲ ਦਫਤਰ, ਚੰਗੀਆਂ ਸੇਵਾਵਾਂ ਪਰ ਇਹ ਸੋਚਣਾ, ਅਸੀਂ ਬੰਦ ਕਰ ਦਿੱਤਾ। ਕਿ ਇਹ ਵੀ ਕਿਸੇ ਦੇ ਬੱਚੇ ਹਨ। ਜੋ ਵਿਚਾਰੇ ਬੇਰੁਜ਼ਗਾਰੀ ਦੀ ਮਾਰ ਝਲਦਿਆਂ, ਕਿਰਤ ਲੁੱਟਣ ਵਾਲੇ ਲੋਕਾਂ ਕੋਲੋਂ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਬਸ ਫਿਰ ਕੀ ਸੀ, ਹਰ ਮਹਿਕਮੇ ’ਚ ਤਿੰਨ ਸਾਲ ਦਾ ਠੇਕਾ ਸਿਸਟਮ ਸ਼ੁਰੂ ਹੋ ਗਿਆ। ਸਿਆਣੇ ਕਹਿੰਦੇ ਨੇ, ਬੰਦਾ ਆਸ ਦੇ ਨਾਲ ਖੂਹ ਭਰ ਲੈਂਦਾ ਹੈ। ਸਾਡੇ ਨੌਜਵਾਨ ਲੜਕੇ ਲੜਕੀਆਂ, ਪੱਕੇ ਹੋਣ ਲਈ ਤਿੰਨ ਸਾਲ ਪੂਰੀ ਮਿਹਨਤ ਦੇ ਨਾਲ ਠੇਕੇ ’ਤੇ ਕੰਮ ਕਰਨ ਲਈ ਖੁਸ਼ੀ-ਖੁਸ਼ੀ ਮਜਬੂਰ ਹੋਣ ਲੱਗੇ ਪਰ ਕਿਸੇ ਨੇ ਇਹ ਨਹੀਂ ਸੋਚਿਆ, ਕਿ ਸਾਡੇ ਨੇਤਾ ਲੋਕ ਤੇ ਵੱਡੀ ਅਫਸਰਸ਼ਾਹੀ, ਕਿਉਂ ਨਹੀਂ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੀ। ਭਾਰਤ ’ਚ ਸਮਾਨਤਾ ਦਾ ਅਧਿਕਾਰ ਹੈ ਪਰ ਸਮਾਨਤਾ ਵਾਲੀ ਤੱਕੜੀ ’ਚ ਕਾਣ ਪੈ ਗਿਆ, ਵੱਡੇ ਲੋਕਾਂ ਦਾ ਪੱਲੜਾ ਭਾਰੂ ਹੋ ਗਿਆ। ਸਭ ਤੋਂ ਵੱਡੀ ਸੱਟ ਪਿਛਲੇ ਦਿਨੀ, ਉਸ ਸਮੇਂ ਨਜ਼ਰ ਆਈ, ਜਦੋਂ ਪਿਛਲੇ ਤਿੰਨ ਸਾਲਾਂ ਤੋਂ ਸਿੱਖਿਆ ਵਿਭਾਗ ’ਚ ਸੇਵਾਵਾਂ ਨਿਭਾ ਰਹੇ, 253 ਅਧਿਆਪਕਾਂ ਨੂੰ ਜਬਰੀ ਰਲੀਵ ਕਰਨ ਦੇ ਹੁਕਮ ਸੁਣਾ ਦਿੱਤੇ। ਸਾਡੇ ਪੁਰਾਣੇ, ਕਰਮਚਾਰੀ ਗੱਲਾਂ ਕਰਦੇ ਹਨ। ਕਿ ਉਹ ਵੀ ਸਮਾਂ ਸੀ। ਜਦੋਂ ਕੋਈ ਕਰਮਚਾਰੀ, ਕਿਸੇ ਸਰਕਾਰੀ ਵਿਭਾਗ ’ਚ ਲਗਾਤਾਰ ਤਿੰਨ ਮਹੀਨੇ ਕੰਮ ਕਰ ਜਾਂਦਾ, ਜਾਂ 90 ਦਿਨਾਂ ਦੀ ਸਰਵਿਸ ਨੂੰ ਗਿਣਿਆ ਜਾਂਦਾ ਸੀ। ਤਾਂ ਵਿਭਾਗ, ਉਸ ਕਰਮਚਾਰੀ ਦੀਆਂ ਸੇਵਾਵਾਂ ਰੈਗੂਲਰ ਕਰ ਦਿੰਦਾ ਸੀ ਪਰ ਅੱਜ ਤਿੰਨ ਸਾਲ ਸੇਵਾ ਪੂਰੀ ਕਰਨ ਤੋਂ ਬਾਅਦ, ਜਦੋਂ ਸਾਡੇ ਅਧਿਆਪਕਾਂ ਨੂੰ ਘਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ, ਤਾਂ ਸਮਝੋ ਬਾਹਰ ਦੀ ਗੱਲ ਹੈ। ਕਿ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਾਲੀ ਪਾਲਿਸੀ ਕਿੱਥੇ ਚਲੀ ਗਈ। ਕਨਫਰਮੇਸ਼ਨ, ਪਰਖ ਸਮਾਂ ਸਭ ਸਿੱਕੇ ਟੰਗ ਦਿੱਤੇ।
ਸਿੱਖਿਆ ਵਿਭਾਗ ’ਚ 2021 ’ਚ 4161 ਅਧਿਆਪਕ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ। ਪੇਪਰ ਹੋਇਆ, ਪ੍ਰਸ਼ਨਾਂ ਦੇ ਉੱਤਰਾਂ ਸਬੰਧੀ ਸੂਚੀ ਤਿਆਰ ਹੋਈ। ਅਧਿਆਪਕ ਪੇਪਰ ਪਾਸ ਕਰਕੇ, ਭਰਤੀ ਹੋ ਗਏ। ਜੀਵਨ ’ਚ ਕੀਤੀ ਮਿਹਨਤ ’ਤੇ ਆਸਾਂ ਦਾ ਬੂਰ ਪਿਆ। ਮਾਤਾ ਪਿਤਾ ਨੂੰ ਵਧਾਈਆਂ ਮਿਲਣ ਲੱਗੀਆਂ। ਮਾਪਿਆਂ ਸੋਚਿਆ ਕਿ ਸਾਡੇ ਬੱਚੇ ਮਿਹਨਤ ਕਰਕੇ ਸਫਲ ਹੋ ਗਏ ਹਨ ਪਰ ਪੱਕੀ ਫ਼ਸਲ ਦੇ ਉੱਤੇ ਕਾਕੜੇ ਪੈਣ ਦੇ ਵਾਂਗ, ਕਿਸੇ ਨੇ ਇਹ ਸੋਚਿਆ ਨਹੀਂ ਸੀ। ਕਿ ਇਸ ਤਰ੍ਹਾਂ ਦਾ ਭਾਣਾ ਵੀ ਵਾਪਰ ਸਕਦਾ ਹੈ। ਅਧਿਆਪਕ ਭਰਤੀ ਨਾਲ ਸੰਬੰਧਿਤ ਕੁਝ ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ’ਚ ਆਏ ਪ੍ਰਸ਼ਨ ਪੱਤਰ ਨੂੰ ਚੈਲੇਂਜ ਕਰ ਦਿੱਤਾ। ਜਿਸ ਸਬੰਧੀ ਵਿਭਾਗ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿ ਕੁਝ ਪ੍ਰੀਖਿਆ ’ਚ ਆਏ ਪ੍ਰਸ਼ਨਾਂ ਦੇ ਉੱਤਰ, ਅਸਪਸ਼ਟ ਸਨ। ਜਿਹਨਾਂ ਦੇ ਨੰਬਰ ਵਿਭਾਗ ਨੇ ਸਫਲ ਉਮੀਦਵਾਰਾਂ ਨੂੰ ਦੇ ਦਿੱਤੇ। ਮਾਣਯੋਗ ਨਿਆਪਾਲਿਕਾ ਦੇ ਹੁਕਮਾਂ ਤਹਿਤ ਦੁਆਰਾ ਪ੍ਰੀਖਿਆ ਦਾ ਮੁਲਾਂਕਣ ਹੋਇਆ। ਜਿਸ ਦੇ ਸਿੱਟੇ ਵਜੋਂ ਵਿਭਾਗ ਨੇ 253 ਪਹਿਲਾਂ ਸਫਲ ਹੋਏ ਉਮੀਦਵਾਰਾਂ ਨੂੰ ਅਸਫਲ ਐਲਾਨ ਦਿੱਤਾ। ਹੁਣ ਤੁਸੀਂ ਦੱਸੋ ਕਿ ਉਹਨਾਂ ਕਰਮਚਾਰੀਆਂ ਦਾ ਕੀ ਕਸੂਰ ਹੈ। ਜਿਹਨਾਂ ਵਿੱਦਿਆ ਮਾਹਿਰਾਂ ਨੇ ਪ੍ਰਸ਼ਨ ਪੱਤਰ ਤਿਆਰ ਕੀਤੇ, ਉਹਨਾਂ ਦੀ ਜੁਵਾਬਦੇਹੀ ਤੈਅ ਹੋਣੀ ਚਾਹੀਦੀ ਸੀ ਪਰ ਵਿਭਾਗ ਦੀ ਗ਼ਲਤੀ ਦਾ ਖ਼ਮਿਆਜਾ ਪੀੜਿਤ ਅਧਿਆਪਕ ਭਰ ਰਹੇ ਹਨ। ਕਈ ਅਧਿਆਪਕ ਅਜਿਹੇ ਹਨ, ਜਿਹੜੇ ਵਿਚਾਰੇ ਪਹਿਲਾਂ ਪੁਲਿਸ ਜਾ ਹੋਰ ਕਲੈਰੀਕਲ ਪੋਸਟਾਂ ਤੋਂ ਅਸਤੀਫੇ ਦੇ ਕੇ ਆਏ ਹਨ।
ਜੇਕਰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਨਸਾਫ ਨਹੀਂ ਮਿਲੇਗਾ, ਤਾਂ ਉਹ ਗ਼ਲਤ ਰਸਤੇ ਚੁਣਨਗੀਆਂ। ਅੱਜ ਸਰਕਾਰੀ ਵਿਭਾਗਾਂ ਨੂੰ ਬਚਾਉਣ ਦੇ ਲਈ, ਸਰਕਾਰੀ ਕਰਮਚਾਰੀਆਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ।
ਸੰਪਰਕ : 9878197000