- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਅੰਦਰਲਾ ਉਹ ਅਣਦੇਖਿਆ ਮਨੁੱਖ ਅਸਲ ਵਿਚ ਸਾਡਾ ਉਹ ਮੂਲ ਸਰੂਪ ਹੈ, ਜੋ ਕਿਸੇ ਵੀ ਤਰ੍ਹਾਂ ਦੇ ਡਰ, ਲਾਲਚ ਜਾਂ ਦਿਖਾਵੇ ਤੋਂ ਮੁਕਤ ਹੈ। ਕਦੇ-ਕਦਾਈਂ, ਜ਼ਿੰਦਗੀ ਦੇ ਕਿਸੇ ਮੋੜ ’ਤੇ ਅਚਾਨਕ ਉਸ ਦੀ ਹਲਕੀ ਜਿਹੀ ਝਲਕ ਸਾਨੂੰ ਜ਼ਰੂਰ ਦਿਖਾਈ ਦਿੰਦੀ ਹੈ।

ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਅਸੀਂ ਹਰ ਰੋਜ਼ ਜਿਸ ਚਿਹਰੇ ਨੂੰ ਦੇਖਦੇ ਹਾਂ, ਕੀ ਅਸੀਂ ਸੱਚਮੁੱਚ ਉਸ ਨੂੰ ਜਾਣਦੇ ਹਾਂ? ਅਕਸਰ ਅਸੀਂ ਆਪਣੇ ਵਾਲਾਂ ਦੀ ਸੈਟਿੰਗ, ਅੱਖਾਂ ਦੀ ਥਕਾਵਟ ਜਾਂ ਚਿਹਰੇ ’ਤੇ ਆਈ ਕਿਸੇ ਨਵੀਂ ਝੁਰੜੀ ਨੂੰ ਤਾਂ ਬੜੀ ਬਰੀਕੀ ਨਾਲ ਨੋਟ ਕਰਦੇ ਹਾਂ, ਪਰ ਉਸ ਚਿਹਰੇ ਦੇ ਬਿਲਕੁਲ ਪਿੱਛੇ, ਹੱਡੀਆਂ ਤੇ ਮਾਸ ਦੇ ਇਸ ਪਿੰਜਰੇ ਦੇ ਅੰਦਰ ਜੋ ਇਕ ਪੂਰਾ ਬ੍ਰਹਿਮੰਡ ਵਸਦਾ ਹੈ, ਉਸ ਵੱਲ ਸਾਡੀ ਨਜ਼ਰ ਕਦੇ ਨਹੀਂ ਜਾਂਦੀ।
ਸਾਰੀ ਉਮਰ ਅਸੀਂ ਦੁਨੀਆ ਦੇ ਨਕਸ਼ੇ ਫਰੋਲਦੇ ਹਾਂ, ਨਵੇਂ ਲੋਕਾਂ ਨੂੰ ਮਿਲਦੇ ਹਾਂ, ਰਿਸ਼ਤੇ ਬਣਾਉਂਦੇ ਤੇ ਨਿਭਾਉਂਦੇ ਹਾਂ ਪਰ ਸਾਡੇ ਆਪਣੇ ਹੀ ਅੰਦਰ ਇਕ ਅਜਿਹਾ ਮਨੁੱਖ ਬੈਠਾ ਹੈ, ਜਿਸ ਨਾਲ ਸਾਡੀ ਕਦੇ ਮੁਲਾਕਾਤ ਹੀ ਨਹੀਂ ਹੋਈ। ਉਹ ਸਾਡਾ ਹੀ ਹਿੱਸਾ ਹੈ, ਸਾਡੇ ਹੀ ਸਾਹਾਂ ਨਾਲ ਜਿਊਂਦਾ ਹੈ, ਪਰ ਸਾਡੇ ਲਈ ਸਭ ਤੋਂ ਵੱਡਾ ਅਜਨਬੀ ਵੀ ਉਹੀ ਹੈ।
ਜਦੋਂ ਤੋਂ ਅਸੀਂ ਹੋਸ਼ ਸੰਭਾਲਦੇ ਹਾਂ, ਸਾਡੇ ਆਲੇ-ਦੁਆਲੇ ਦੀ ਦੁਨੀਆ ਸਾਨੂੰ ਇਕ ਖ਼ਾਸ ਸਾਂਚੇ ਵਿਚ ਢਾਲਣਾ ਸ਼ੁਰੂ ਕਰ ਦਿੰਦੀ ਹੈ। ਬਚਪਨ ਵਿਚ ਮਾਪਿਆਂ ਦੀਆਂ ਉਮੀਦਾਂ, ਜਵਾਨੀ ਵਿਚ ਸਮਾਜ ਦੇ ਨਿਯਮ ਤੇ ਬੁਢਾਪੇ ਵਿਚ ਜ਼ਿੰਮੇਵਾਰੀਆਂ ਦਾ ਬੋਝ-ਇਹ ਸਭ ਮਿਲ ਕੇ ਸਾਡੇ ਉੱਤੇ ਪਰਤਾਂ ਦਰ ਪਰਤਾਂ ਚਾੜ੍ਹਦੇ ਜਾਂਦੇ ਹਨ। ਅਸੀਂ ਉਹ ਬਣ ਜਾਂਦੇ ਹਾਂ, ਜੋ ਦੂਜੇ ਸਾਨੂੰ ਦੇਖਣਾ ਚਾਹੁੰਦੇ ਹਨ। ਦਫ਼ਤਰ ਵਿਚ ਅਸੀਂ ਇਕ ਪੇਸ਼ੇਵਰ ਹੁੰਦੇ ਹਾਂ, ਘਰ ਵਿਚ ਪਿਤਾ, ਪੁੱਤਰ ਜਾਂ ਪਤੀ ਅਤੇ ਦੋਸਤਾਂ ਦੀ ਮਹਿਫ਼ਲ ਵਿਚ ਇਕ ਹੱਸਮੁੱਖ ਇਨਸਾਨ। ਇਹ ਸਾਰੇ ਕਿਰਦਾਰ ਨਿਭਾਉਂਦਿਆਂ ਅਸੀਂ ਇੰਨੇ ਮਾਹਿਰ ਹੋ ਜਾਂਦੇ ਹਾਂ ਕਿ ਸਾਨੂੰ ਇਹ ਭੁੱਲ ਹੀ ਜਾਂਦਾ ਹੈ ਕਿ ਇਹ ਸਿਰਫ਼ ਮਖੌਟੇ ਹਨ, ਜੋ ਅਸੀਂ ਵੱਖ-ਵੱਖ ਮੌਕਿਆਂ ’ਤੇ ਪਾਉਂਦੇ ਹਾਂ। ਜਦੋਂ ਰਾਤ ਦੇ ਸੰਨਾਟੇ ਵਿਚ ਇਹ ਸਾਰੇ ਮਖੌਟੇ ਉਤਰਦੇ ਹਨ, ਤਾਂ ਪਿੱਛੇ ਜੋ ਬਚਦਾ ਹੈ, ਉਸ ਨਾਲ ਅੱਖ ਮਿਲਾਉਣ ਦੀ ਸਾਡੀ ਹਿੰਮਤ ਹੀ ਨਹੀਂ ਪੈਂਦੀ।
ਸਾਡੇ ਅੰਦਰਲਾ ਉਹ ਅਣਦੇਖਿਆ ਮਨੁੱਖ ਅਸਲ ਵਿਚ ਸਾਡਾ ਉਹ ਮੂਲ ਸਰੂਪ ਹੈ, ਜੋ ਕਿਸੇ ਵੀ ਤਰ੍ਹਾਂ ਦੇ ਡਰ, ਲਾਲਚ ਜਾਂ ਦਿਖਾਵੇ ਤੋਂ ਮੁਕਤ ਹੈ। ਕਦੇ-ਕਦਾਈਂ, ਜ਼ਿੰਦਗੀ ਦੇ ਕਿਸੇ ਮੋੜ ’ਤੇ ਅਚਾਨਕ ਉਸ ਦੀ ਹਲਕੀ ਜਿਹੀ ਝਲਕ ਸਾਨੂੰ ਜ਼ਰੂਰ ਦਿਖਾਈ ਦਿੰਦੀ ਹੈ। ਜਿਵੇਂ ਕਿਸੇ ਅਣਜਾਣ ਸ਼ਹਿਰ ਦੀ ਭੀੜ ਵਿੱਚੋਂ ਲੰਘਦਿਆਂ ਅਚਾਨਕ ਮਨ ਦਾ ਉਦਾਸ ਹੋ ਜਾਣਾ, ਜਾਂ ਫਿਰ ਬਿਨਾਂ ਕਿਸੇ ਕਾਰਨ ਦੇ ਮੀਂਹ ਦੀਆਂ ਬੂੰਦਾਂ ਨੂੰ ਦੇਖ ਕੇ ਅੰਦਰੋਂ ਇਕ ਅਜੀਬ ਜਿਹੀ ਖ਼ੁਸ਼ੀ ਦਾ ਫੁੱਟ ਪੈਣਾ। ਕਈ ਵਾਰ ਅਸੀਂ ਕਿਸੇ ਅਜਿਹੇ ਵਿਅਕਤੀ ਦੇ ਦੁੱਖ ਨੂੰ ਦੇਖ ਕੇ ਰੋ ਪੈਂਦੇ ਹਾਂ, ਜਿਸ ਨਾਲ ਸਾਡਾ ਕੋਈ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ।
ਇਹ ਉਹ ਪਲ ਹੁੰਦੇ ਹਨ, ਜਦੋਂ ਸਾਡੇ ਅੰਦਰਲਾ ਉਹ ਅਸਲੀ ਮਨੁੱਖ ਸਾਡੇ ਦਿਮਾਗ ਦੇ ਲਾਏ ਹੋਏ ਤਾਲਿਆਂ ਨੂੰ ਤੋੜ ਕੇ ਬਾਹਰ ਝਾਕਦਾ ਹੈ। ਪਰ ਅਸੀਂ ਬੜੀ ਜਲਦੀ ਸੰਭਲ ਜਾਂਦੇ ਹਾਂ, ਆਪਣੀਆਂ ਅੱਖਾਂ ਪੂੰਝਦੇ ਹਾਂ ਤੇ ਮੁੜ ਤੋਂ ਆਪਣੀ ‘ਸਿਆਣੀ’ ਦੁਨੀਆ ਵਿਚ ਪਰਤ ਆਉਂਦੇ ਹਾਂ, ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਜੇ ਅਸੀਂ ਇਸ ਅੰਦਰਲੇ ਮਨੁੱਖ ਨੂੰ ਖੁੱਲ੍ਹ ਕੇ ਸਾਹ ਲੈਣ ਦਿੱਤਾ, ਤਾਂ ਸ਼ਾਇਦ ਇਹ ਦੁਨੀਆ ਸਾਨੂੰ ਕਮਜ਼ੋਰ ਜਾਂ ਪਾਗਲ ਸਮਝੇਗੀ।
ਜ਼ਿਆਦਾਤਰ ਲੋਕ ਆਪਣੇ-ਆਪ ਤੋਂ ਇੰਨਾ ਡਰਦੇ ਹਨ ਕਿ ਕਦੇ ਇਕੱਲੇ ਬੈਠਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਨੂੰ ਹਰ ਵੇਲੇ ਕਿਸੇ ਨਾ ਕਿਸੇ ਸ਼ੋਰ ਦੀ ਲੋੜ ਰਹਿੰਦੀ ਹੈ-ਕਦੇ ਮੋਬਾਈਲ ਦੀ ਸਕਰੀਨ, ਕਦੇ ਟੀਵੀ ਦੀ ਆਵਾਜ਼ ਤੇ ਕਦੇ ਬੇਮਤਲਬ ਦੀਆਂ ਗੱਲਾਂ। ਇਹ ਸ਼ੋਰ ਅਸਲ ਵਿਚ ਸਾਡੀ ਇਕ ਢਾਲ ਹੈ, ਜਿਸ ਦੀ ਆੜ ਵਿਚ ਅਸੀਂ ਆਪਣੇ ਅੰਦਰ ਉੱਠਣ ਵਾਲੇ ਸਵਾਲਾਂ ਤੋਂ ਬਚਦੇ ਹਾਂ। ਕਿਉਂਕਿ ਜੇਕਰ ਅਸੀਂ ਪੰਜ ਮਿੰਟ ਵੀ ਬਿਲਕੁਲ ਚੁੱਪ ਹੋ ਕੇ ਬੈਠ ਗਏ, ਤਾਂ ਸਾਡੇ ਅੰਦਰਲਾ ਉਹ ਅਜਨਬੀ ਸਾਡੇ ਸਾਹਮਣੇ ਆ ਕੇ ਖੜ੍ਹਾ ਹੋ ਜਾਵੇਗਾ।
ਉਹ ਸਾਨੂੰ ਪੁੱਛੇਗਾ ਕਿ ਜਿਸ ਦੌੜ ਵਿਚ ਤੂੰ ਆਪਣੀਆਂ ਜੁੱਤੀਆਂ ਘਸਾ ਰਿਹਾ ਏਂ, ਕੀ ਇਹ ਤੇਰੀ ਆਪਣੀ ਮੰਜ਼ਿਲ ਹੈ? ਜਿਨ੍ਹਾਂ ਲੋਕਾਂ ਨੂੰ ਖ਼ੁਸ਼ ਕਰਨ ਲਈ ਤੂੰ ਆਪਣੀਆਂ ਸਾਰੀਆਂ ਖ਼ਾਹਿਸ਼ਾਂ ਦਾ ਗਲਾ ਘੁੱਟ ਦਿੱਤਾ, ਕੀ ਉਹ ਸੱਚਮੁੱਚ ਤੇਰੇ ਆਪਣੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਬਹੁਤ ਔਖੇ ਹਨ, ਇਸੇ ਲਈ ਅਸੀਂ ਇਸ ਮੁਲਾਕਾਤ ਨੂੰ ਹਰ ਰੋਜ਼ ਟਾਲਦੇ ਰਹਿੰਦੇ ਹਾਂ। ਅਸੀਂ ਆਪਣੇ ਘਰ ਦੇ ਹਰ ਕੋਨੇ ਦੀ ਸਫ਼ਾਈ ਕਰਦੇ ਹਾਂ, ਹਰ ਚੀਜ਼ ਨੂੰ ਸੰਭਾਲ ਕੇ ਰੱਖਦੇ ਹਾਂ, ਪਰ ਆਪਣੇ ਮਨ ਦੇ ਉਸ ਤਹਿਖਾਨੇ ਵੱਲ ਕਦੇ ਨਹੀਂ ਜਾਂਦੇ, ਜਿੱਥੇ ਸਾਡੀਆਂ ਅਧੂਰੀਆਂ ਰੀਝਾਂ, ਅਣਕਹੇ ਸ਼ਬਦ ਤੇ ਦੱਬੇ ਹੋਏ ਜਜ਼ਬਾਤ ਧੂੜ ਫੱਕ ਰਹੇ ਹਨ। ਸਾਡੇ ਅੰਦਰ ਇਕ ਕਲਾਕਾਰ ਵੀ ਹੋ ਸਕਦਾ ਹੈ, ਜਿਸ ਨੂੰ ਕਦੇ ਰੰਗ ਨਹੀਂ ਮਿਲੇ।
ਮੁਸਾਫ਼ਿਰ ਵੀ ਹੋ ਸਕਦਾ ਹੈ, ਜਿਸ ਨੂੰ ਕਦੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਮਿਲੀ, ਜਾਂ ਫਿਰ ਇਕ ਅਜਿਹਾ ਬੱਚਾ ਵੀ ਹੋ ਸਕਦਾ ਹੈ, ਜੋ ਅੱਜ ਵੀ ਬਿਨਾਂ ਕਿਸੇ ਵਜ੍ਹਾ ਦੇ ਖੁੱਲ੍ਹ ਕੇ ਹੱਸਣਾ ਚਾਹੁੰਦਾ ਹੈ। ਪਰ ਸਾਡੇ ਅੰਦਰਲੇ ‘ਸਮਝਦਾਰ’ ਮਨੁੱਖ ਨੇ ਉਸ ਨੂੰ ਕੈਦ ਕਰ ਕੇ ਰੱਖਿਆ ਹੋਇਆ ਹੈ। ਅਸੀਂ ਆਪਣੀ ਹੀ ਕੈਦ ਦੇ ਕੈਦੀ ਵੀ ਹਾਂ ਤੇ ਜੇਲ੍ਹਰ ਵੀ। ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਪਹੁੰਚ ਕੇ ਅਕਸਰ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੇ ਸਭ ਕੁਝ ਤਾਂ ਹਾਸਲ ਕਰ ਲਿਆ, ਪਰ ਖ਼ੁਦ ਨੂੰ ਗੁਆ ਲਿਆ। ਇਹ ਅਫ਼ਸੋਸ ਇਹ ਸੋਚ ਕੇ ਹੋਰ ਵੱਧ ਹੁੰਦਾ ਹੈ ਕਿ ਅਸੀਂ ਸਾਰੀ ਉਮਰ ਇਕ ਅਜਿਹੇ ਵਿਅਕਤੀ ਦੀ ਸੇਵਾ ਕਰਦੇ ਰਹੇ, ਜੋ ਅਸਲ ’ਚ ਹੈ ਹੀ ਨਹੀਂ ਸੀ ਤੇ ਜੋ ਅਸਲ ਵਿਚ ਸੀ, ਉਸ ਨੂੰ ਕਦੇ ਪੁੱਛਿਆ ਤੱਕ ਨਹੀਂ ਕਿ ਤੂੰ ਚਾਹੁੰਦਾ ਕੀ ਹੈਂ।
ਆਪਣੀ ਹੋਂਦ ਦੇ ਇਸ ਅਣਛੋਹੇ ਹਿੱਸੇ ਨੂੰ ਮਿਲਣ ਲਈ ਕਿਸੇ ਜੰਗਲ ਜਾਂ ਪਹਾੜ ’ਤੇ ਜਾਣ ਦੀ ਲੋੜ ਨਹੀਂ ਹੁੰਦੀ। ਇਸ ਲਈ ਸਿਰਫ਼ ਥੋੜ੍ਹੀ ਜਿਹੀ ਇਮਾਨਦਾਰੀ ਅਤੇ ਇਕਾਂਤ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਬਿਨਾਂ ਕਿਸੇ ਪੱਖਪਾਤ ਦੇ, ਬਿਨਾਂ ਖ਼ੁਦ ਨੂੰ ਸਹੀ ਜਾਂ ਗ਼ਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤਿਆਂ ਆਪਣੇ ਅੰਦਰ ਝਾਕਦੇ ਹਾਂ, ਤਾਂ ਹੌਲੀ-ਹੌਲੀ ਧੁੰਦ ਛਟਣੀ ਸ਼ੁਰੂ ਹੁੰਦੀ ਹੈ। ਇਸ ਅੰਦਰਲੇ ਮਨੁੱਖ ਨਾਲ ਮੁਲਾਕਾਤ ਕੋਈ ਇਕ ਦਿਨ ਦੀ ਘਟਨਾ ਨਹੀਂ, ਸਗੋਂ ਇਹ ਇਕ ਲੰਬਾ ਸਫ਼ਰ ਹੈ।
ਪਹਿਲੀ ਵਾਰ ਜਦੋਂ ਤੁਸੀਂ ਉਸ ਦੇ ਸਾਹਮਣੇ ਜਾਓਗੇ, ਤਾਂ ਸ਼ਾਇਦ ਉਹ ਤੁਹਾਡੇ ਨਾਲ ਨਾਰਾਜ਼ ਹੋਵੇ, ਕਿਉਂਕਿ ਤੁਸੀਂ ਉਸ ਨੂੰ ਇੰਨੇ ਸਾਲ ਨਜ਼ਰਅੰਦਾਜ਼ ਕੀਤਾ ਹੈ। ਸ਼ਾਇਦ ਤੁਹਾਨੂੰ ਉਸ ਦੀਆਂ ਗੱਲਾਂ ਅਜੀਬ ਲੱਗਣ ਜਾਂ ਤੁਹਾਡੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਪੈਦਾ ਹੋਵੇ। ਪਰ ਜਿਵੇਂ-ਜਿਵੇਂ ਤੁਸੀਂ ਉਸ ਦੀ ਗੱਲ ਸੁਣਨੀ ਸ਼ੁਰੂ ਕਰੋਗੇ, ਤੁਹਾਨੂੰ ਮਹਿਸੂਸ ਹੋਵੇਗਾ ਕਿ ਇਸ ਪੂਰੀ ਦੁਨੀਆ ਵਿਚ ਉਸ ਤੋਂ ਵੱਧ ਤੁਹਾਡਾ ਆਪਣਾ ਹੋਰ ਕੋਈ ਨਹੀਂ ਹੈ। ਉਹ ਤੁਹਾਨੂੰ ਕਦੇ ਧੋਖਾ ਨਹੀਂ ਦੇਵੇਗਾ, ਕਦੇ ਤੁਹਾਡੇ ’ਤੇ ਕੋਈ ਸ਼ਰਤ ਨਹੀਂ ਲਾਵੇਗਾ, ਬਸ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਸਵੀਕਾਰ ਕਰੋ-ਉਸ ਦੀਆਂ ਸਾਰੀਆਂ ਕਮੀਆਂ ਤੇ ਖ਼ੂਬੀਆਂ ਸਮੇਤ।
ਜਿਸ ਦਿਨ ਤੁਸੀਂ ਆਪਣੇ ਅੰਦਰਲੇ ਇਸ ਅਜਨਬੀ ਨਾਲ ਹੱਥ ਮਿਲਾ ਲਿਆ, ਉਸ ਦਿਨ ਬਾਹਰ ਦੀ ਦੁਨੀਆ ਦਾ ਕੋਈ ਵੀ ਡਰ ਤੁਹਾਨੂੰ ਡਰਾ ਨਹੀਂ ਸਕੇਗਾ। ਫਿਰ ਤੁਹਾਨੂੰ ਕਿਸੇ ਦੇ ਪ੍ਰਮਾਣ-ਪੱਤਰ ਦੀ ਲੋੜ ਨਹੀਂ ਰਹੇਗੀ ਕਿ ਤੁਸੀਂ ਚੰਗੇ ਹੋ ਜਾਂ ਮਾੜੇ। ਤੁਹਾਡੀ ਚਾਲ ਵਿਚ ਸਹਿਜਤਾ ਆ ਜਾਵੇਗੀ, ਤੁਹਾਡੀ ਚੁੱਪ ਵਿਚ ਗਹਿਰਾਈ ਹੋਵੇਗੀ ਅਤੇ ਤੁਹਾਡੇ ਸ਼ਬਦਾਂ ਵਿਚ ਸੱਚਾਈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਹੁਣ ਤੁਸੀਂ ਕੋਈ ਕਿਰਦਾਰ ਨਹੀਂ ਨਿਭਾ ਰਹੇ ਹੋਵੋਗੇ, ਸਗੋਂ ਤੁਸੀਂ ਖ਼ੁਦ ਨੂੰ ਜੀਅ ਰਹੇ ਹੋਵੋਗੇ। ਅਸਲ ਜ਼ਿੰਦਗੀ ਦੀ ਸ਼ੁਰੂਆਤ ਵੀ ਸ਼ਾਇਦ ਉਸੇ ਪਲ ਹੁੰਦੀ ਹੈ, ਜਦੋਂ ਮਨੁੱਖ ਆਪਣੀ ਹੀ ਤਲਾਸ਼ ਪੂਰੀ ਕਰ ਕੇ ਖ਼ੁਦ ਨੂੰ ਮਿਲ ਲੈਂਦਾ ਹੈ।
-ਗੁਰਦੇਵ ਸਿੰਘ
-ਮੋਬਾਈਲ : 93169-49649