- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੁਬਾਰਾ ਉਸ ਦਾ ਨਾਂ ਸੁਰਖੀਆਂ ਵਿਚ ਆਇਆ ਹੈ। ਇਸ ਪੰਜਾਬ ਦੀ ਬਹਾਦਰ ਸ਼ੇਰਨੀ ਨੇ ਨਸ਼ਾ ਸੌਦਾਗਰਾਂ ਵਿਰੁੱਧ ਸਖ਼ਤੀ ਵਰਤਦਿਆਂ ਆਪਣੀ ਜ਼ਿੰਦਗੀ ਨੂੰ ਦੇਸ਼-ਕੌਮ ਦੇ ਲੇਖੇ ਲਾਇਆ। ਨੇਹਾ ਸ਼ੋਰੀ ਦਾ ਜਨਮ 1982 ਨੂੰ ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਦੇ ਘਰ ਮਾਤਾ ਅਰੁਣ ਸ਼ੋਰੀ ਦੀ ਕੁੱਖੋਂ ਹੋਇਆ ਸੀ।

ਪੰਜਾਬ ਵਿਚ ਨਸ਼ਿਆਂ ਦੇ ਸੌਦਾਗਰਾਂ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਨੇਕ ਦਲੇਰ ਵਿਅਕਤੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਕਈਆਂ ਦੀ ਜਾਨ ਲੈ ਵੀ ਲਈ ਪਰ ਉਹ ਇਹ ਹਕੀਕਤ ਭੁੱਲ ਗਏ ਕਿ ਬੰਦੂਕ ਦੀ ਗੋਲ਼ੀ ਸਰੀਰ ਨੂੰ ਮਾਰ ਸਕਦੀ ਹੈ, ਸਬੰਧਤ ਵਿਅਕਤੀ ਦੀਆਂ ਪਾਈਆਂ ਪੈੜਾਂ ਨੂੰ ਨਹੀਂ ਮਿਟਾ ਸਕਦੀ। ਅਜਿਹੇ ਵਿਅਕਤੀ ਜ਼ਿੰਦਾ ਜ਼ਮੀਰਾਂ ਵਾਲੇ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਜਿਉਂਦੇ ਰਹਿੰਦੇ ਹਨ।
ਹਕੀਕਤ ਇਹ ਵੀ ਹੈ ਕਿ ਨਸ਼ਾ ਤਸਕਰਾਂ ਨਾਲ ਦਸਤ-ਪੰਜਾ ਲੈਣ ਦਾ ਜਿਗਰਾ ਹਰ ਵਿਅਕਤੀ ਕੋਲ ਨਹੀਂ ਹੁੰਦਾ। ਪਰ ਜੋ ਵਿਅਕਤੀ ਨਸ਼ਾ ਤਸਕਰਾਂ ਅੱਗੇ ਨਹੀਂ ਝੁਕਦੇ, ਉਹ ਜ਼ਮੀਰ ਦੇ ਮਰਨ ਨੂੰ ਮੌਤ ਮੰਨਦੇ ਹਨ, ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦੇ। ਅਜਿਹੇ ਨਿਧੜਕ ਲੋਕ ਇਮਾਨਦਾਰੀ ਨਾਲ ਬੇਖ਼ੌਫ਼ ਹੋ ਕੇ ਜ਼ਿੰਦਗੀ ਜਿਉਂਦੇ ਹਨ। ਉਹ ਇਤਿਹਾਸ ਵਿਚ ਆਪਣੀਆਂ ਅਜਿਹੀਆਂ ਪੈੜਾਂ ਪਾਉਂਦੇ ਹਨ ਜਿਹੜੀਆਂ ਸਦਾ ਲਈ ਅਮਰ ਹੋ ਜਾਂਦੀਆਂ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ਾਇਰ ਮਰਦੇ ਨਹੀਂ, ਸ਼ਹੀਦ ਮਿਟਦੇ ਨਹੀਂ। ਅਜਿਹੀ ਹੀ ਇਕ ਸ਼ਖ਼ਸੀਅਤ ਦਾ ਨਾਂ ਹੈ ਨੇਹਾ ਸ਼ੋਰੀ।
ਅੱਜ ਦੁਬਾਰਾ ਉਸ ਦਾ ਨਾਂ ਸੁਰਖੀਆਂ ਵਿਚ ਆਇਆ ਹੈ। ਇਸ ਪੰਜਾਬ ਦੀ ਬਹਾਦਰ ਸ਼ੇਰਨੀ ਨੇ ਨਸ਼ਾ ਸੌਦਾਗਰਾਂ ਵਿਰੁੱਧ ਸਖ਼ਤੀ ਵਰਤਦਿਆਂ ਆਪਣੀ ਜ਼ਿੰਦਗੀ ਨੂੰ ਦੇਸ਼-ਕੌਮ ਦੇ ਲੇਖੇ ਲਾਇਆ। ਨੇਹਾ ਸ਼ੋਰੀ ਦਾ ਜਨਮ 1982 ਨੂੰ ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਦੇ ਘਰ ਮਾਤਾ ਅਰੁਣ ਸ਼ੋਰੀ ਦੀ ਕੁੱਖੋਂ ਹੋਇਆ ਸੀ। ਕੈਪਟਨ ਕੈਲਾਸ਼ ਕੁਮਾਰ ਸ਼ੋਰੀ ਭਾਰਤ-ਪਾਕਿਸਤਾਨ ਵਿਚਕਾਰ ਹੋਈ 1971 ਦੀ ਜੰਗ ਪੂਰੀ ਬਹਾਦਰੀ ਦੇ ਨਾਲ ਲੜੇ, ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ’ਚ ਲਾਈ, ਮਾਤਾ ਅਰੁਣ ਸ਼ੋਰੀ ਨੇ ਇਕ ਅਧਿਆਪਕਾ ਵਜੋਂ ਸਮਾਜ ’ਚ ਗਿਆਨ ਦਾ ਚਾਨਣ ਕੀਤਾ, ਆਪਣੀ ਧੀ ਨੂੰ ਚੰਗੇ ਸੰਸਕਾਰ ਦਿੱਤੇ। ਮਾਤਾ ਜੀ ਨੇ ਜਿੱਥੇ ਚੰਗੀ ਜ਼ਿੰਦਗੀ ਜਿਉਣ ਲਈ ਨੇਹਾ ਸ਼ੋਰੀ ਨੂੰ ਸੇਧ ਦਿੱਤੀ, ਨਾਲ ਹੀ ਪਿਤਾ ਜੀ ਨੇ ਦੇਸ਼ ਵਿਰੁੱਧ ਲੜਨ ਵਾਲੇ ਦੁਸ਼ਮਣਾਂ ਪ੍ਰਤੀ ਬਹਾਦਰੀ ਦੇ ਨਾਲ ਲੜਨ ਦੇ ਗੁਰ ਸਿਖਾਏ। ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਬਹਾਦਰ ਮਾਪਿਆਂ ਦੀ ਧੀ ਨਸ਼ਾ ਤਸਕਰਾਂ ਸਾਹਮਣੇ ਹਾਰ ਮੰਨ ਲੈਂਦੀ। ਵੱਡੀਆਂ ਦੌਲਤਾਂ ਨੂੰ ਨੇਹਾ ਸ਼ੋਰੀ ਨੇ ਠੋਕਰ ਮਾਰੀ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ।
ਪੜ੍ਹਾਈ ’ਚ ਬਹੁਤ ਹੁਸ਼ਿਆਰ ਨੇਹਾ ਨੇ ਚੰਡੀਗੜ੍ਹ ਵਿਚ ਸਕੂਲੀ ਵਿੱਦਿਆ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਫਾਰਮਾ ਦੀ ਡਿਗਰੀ ਪ੍ਰਾਪਤ ਕੀਤੀ। ਮਾਸਟਰ ਡਿਗਰੀ ਪਹਿਲੇ ਦਰਜੇ ’ਚ ਐੱਨਆਈਪੀਈਆਰ ਮੋਹਾਲੀ ਤੋਂ ਕੀਤੀ। ਵੱਡੇ ਸੁਪਨੇ ਲੈਂਦਿਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਦਿੱਤਾ ਤੇ 2007 ’ਚ ਬਤੌਰ ਡਰੱਗ ਇੰਸਪੈਕਟਰ ਸਿਲੈਕਟ ਹੋਈ। ਮਨ ਵਿਚ ਇਮਾਨਦਾਰੀ ਨਾਲ ਨੌਕਰੀ ਕਰਨ ਦਾ ਵੱਡਾ ਸੁਪਨਾ ਸੀ। ਉਹ ਸਮਾਜ ’ਚੋਂ ਗੰਦਗੀ ਸਾਫ਼ ਕਰਨਾ ਚਾਹੁੰਦੀ ਸੀ। ਪਹਿਲੀ ਪੋਸਟਿੰਗ ਰੂਪਨਗਰ ’ਚ ਹੋਈ ਤਾਂ ਉੱਥੇ ਬਤੌਰ ਡਰੱਗ ਇੰਸਪੈਕਟਰ ਮੈਡੀਕਲ ਸਟੋਰਾਂ ਦੀ ਜਾਂਚ ਕਰਦਿਆਂ ਬਹੁਤ ਸਾਰੇ ਗਲਤ ਅਨਸਰਾਂ ਦੀ ਨੀਂਦ ਹਰਾਮ ਕਰ ਦਿੱਤੀ।
ਪਰ ਉਹ ਇਹ ਹਕੀਕਤ ਭੁੱਲ ਗਈ ਕਿ ਨਸ਼ਾ ਤਸਕਰਾਂ ਦਾ ਜਾਲ਼ ਬਹੁਤ ਵੱਡਾ ਹੈ। ਇਨ੍ਹਾਂ ਦੀਆਂ ਜੜ੍ਹਾਂ ਪੂਰੇ ਸਮਾਜ ਵਿਚ ਫੈਲੀਆਂ ਹੋਈਆਂ ਹਨ। ਸਿਆਸੀ ਪਹੁੰਚ ਹੁੰਦਿਆਂ ਕੋਈ ਵੀ ਅਧਿਕਾਰੀ ਇਨ੍ਹਾਂ ਨਾਲ ਪੰਗਾ ਲੈਣਾ ਉੱਚਿਤ ਨਹੀਂ ਸਮਝਦਾ। ਕਿਉਂਕਿ ਹਰ ਅਫ਼ਸਰ ਨੂੰ ਨੌਕਰੀ ਪਿਆਰੀ ਹੈ, ਇਸ ਲਈ ਜ਼ਿਆਦਾਤਰ ਅਫ਼ਸਰ ਨਹੀਂ ਚਾਹੁੰਦੇ ਕਿ ਆਪਣਾ ਜੀਵਨ ਦਾਅ ਤੇ ਕਰੀਅਰ ਦਾਅ ’ਤੇ ਲਾਇਆ ਜਾਵੇ। ਪਰ ਨੇਹਾ ਸ਼ੋਰੀ ਨੇ ਅਜਿਹਾ ਨਹੀਂ ਕੀਤਾ।
ਉਸ ਨੇ ਨਸ਼ਾ ਵੇਚਣ ਵਾਲੇ ਬਲਵਿੰਦਰ ਸਿੰਘ ਦਾ ਮੈਡੀਕਲ ਲਾਇਸੈਂਸ ਕੈਂਸਲ ਕਰ ਦਿੱਤਾ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਇਸ ਧੰਦੇ ਵਿਚ ਇਕੱਲਾ ਨਹੀਂ ਸੀ। ਉਸ ਦੇ ਪਿੱਛੇ ਪੂਰਾ ਨੈੱਟਵਰਕ ਕੰਮ ਕਰ ਰਿਹਾ ਸੀ। ਨੇਹਾ ਨੇ ਆਪਣੇ ਇਮਾਨਦਾਰੀ ਭਰਪੂਰ ਕਾਰਜਾਂ ਨੂੰ ਜਾਰੀ ਰੱਖਿਆ। ਸੰਨ 2019 ਵਿਚ ਨਿੱਜੀ ਨਸ਼ਾ ਛਡਾਊ ਕੇਂਦਰਾਂ ਦੀ ਜਾਂਚ ਕਰਦਿਆਂ ਬਿਪਰੋ ਨੌਰਫਿਨ ਗੋਲ਼ੀਆਂ ਦਾ ਵੱਡਾ ਘੁਟਾਲਾ ਸਾਹਮਣੇ ਲਿਆਂਦਾ ਜਿਸ ਵਿਚ ਨਿੱਜੀ ਮਾਲਕ ਸਬੰਧਤ ਦਵਾਈ ਨੂੰ ਬਿਨਾਂ ਰਿਕਾਰਡ ਤੋਂ ਬਲੈਕ ’ਚ ਵੇਚਦੇ ਸਨ। ਇਹ ਘਟਾਲਾ ਤਕਰੀਬਨ 100 ਕਰੋੜ ਰੁਪਏ ਤੋਂ ਵੱਧ ਦਾ ਸੀ।
ਨੇਹਾ ਕਾਰਨ ਵੱਡੇ ਪੱਧਰ ਉੱਤੇ ਤਾਰਾਂ ਹਿੱਲ ਗਈਆਂ ਕਿਉਂਕਿ ਅਜਿਹੇ ਸੈਂਟਰ ਸਿਆਸੀ ਪਹੁੰਚ ਵਾਲੇ ਲੋਕਾਂ ਦੇ ਸਨ। ਨੇਹਾ ਨੂੰ ਖ਼ਰੀਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਮਾਨਦਾਰ ਬਾਪ ਦਾ ਖ਼ੂਨ ਅਤੇ ਇਕ ਅਧਿਆਪਕ ਮਾਂ ਦੇ ਸੰਸਕਾਰ ਪੰਜਾਬ ਦੀ ਇਸ ਧੀ ਨੂੰ ਆਪਣੇ ਸਟੈਂਡ ਤੋਂ ਹਿਲਾ ਨਾ ਸਕੀਆਂ। ਬਹੁਤ ਸਾਰੀਆਂ ਧਮਕੀਆਂ ਮਿਲੀਆਂ ਪਰ ਇਮਾਨਦਾਰੀ ਅਤੇ ਨਿਧੜਕ ਸੋਚ ਨਾਲ ਕੰਮ ਕਰਦਿਆਂ ਨੇਹਾ ਸ਼ੋਰੀ ਦੀ ਚਰਚਾ ਪੂਰੇ ਮੀਡੀਆ ਵਿਚ ਹੋਣ ਲੱਗੀ।
ਜਦੋਂ ਇਸ ਬੇਈਮਾਨ ਟੋਲੇ ਦੀਆਂ ਇਮਾਨਦਾਰ ਅਫ਼ਸਰ ਨੂੰ ਖ਼ਰੀਦਣ ਦੀਆਂ ਚਾਲਾਂ ਨਾਕਾਮ ਹੋ ਜਾਣ, ਫਿਰ ਉਸ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ-ਉਹ ਇਹ ਕਿ ਸਬੰਧਤ ਵਿਅਕਤੀ ਨੂੰ ਰਾਹ ਤੋਂ ਹਟਾ ਦਿੱਤਾ ਜਾਵੇ। ਨਸ਼ੇ ਦੇ ਸੌਦਾਗਰਾਂ ਨੇ ਅਜਿਹਾ ਹੀ ਨੇਹਾ ਸ਼ੋਰੀ ਨਾਲ ਕੀਤਾ। ਖਰੜ ’ਚ ਜਦੋਂ ਉਹ ਆਪਣੇ ਦਫ਼ਤਰ ’ਚ ਬੈਠੀ ਕੰਮ ਕਰ ਰਹੀ ਸੀ ਤਾਂ ਬਲਵਿੰਦਰ ਸਿੰਘ ਨੇ ਦਫ਼ਤਰ ’ਚ ਆਉਂਦਿਆਂ ਹੀ ਆਪਣੇ ਪਿਸਤੌਲ ਵਿੱਚੋਂ ਗੋਲ਼ੀਆਂ ਦੀ ਵਾਛੜ ਕਰ ਦਿੱਤੀ। ਨੇਹਾ ਸ਼ੋਰੀ ਕਦੇ ਸਿਸਟਮ ਅੱਗੇ ਝੁਕੀ ਨਹੀਂ, ਮੌਤ ਮਨਜ਼ੂਰ ਕਰ ਲਈ।
ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਨੇ ਨਸ਼ਿਆਂ ਖ਼ਿਲਾਫ਼ ਲੜਦਿਆਂ ਸ਼ਹਾਦਤ ਦਿੱਤੀ। ਉਹ ਆਪਣੇ ਪਿੱਛੇ ਦੋ ਸਾਲ ਦੀ ਬੇਟੀ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਈ। ਸਿਆਸੀ ਲੋਕਾਂ ਨੇ ਮਗਰਮੱਛ ਦੇ ਹੰਝੂ ਵਹਾਏ, ਇਨਸਾਫ਼ ਦੇਣ ਦੀਆਂ ਕਸਮਾਂ ਖਾਧੀਆਂ ਤੇ ਸਿਆਸੀ ਰੋਟੀਆਂ ਸੇਕ ਕੇ ਸਾਰੇ ਚੱਲਦੇ ਬਣੇ। ਅੱਜ ਨੇਹਾ ਸ਼ੋਰੀ ਦੇ ਪਿਤਾ ਜੀ ਕੈਪਟਨ ਕੈਲਾਸ਼ ਕੁਮਾਰ ਅਤੇ ਮਾਤਾ ਅਰੁਣ ਸ਼ੋਰੀ ਆਪਣੇ ਬੁਢਾਪੇ ਵਿਚ ਇਨਸਾਫ਼ ਵਾਸਤੇ ਕਚਹਿਰੀਆਂ ਦੇ ਧੱਕੇ ਖਾ ਰਹੇ ਹਨ। ਪਹਿਲਾਂ ਸਰਹੱਦ ਉੱਤੇ ਜੰਗ ਲੜੀ, ਅੱਜ ਇਨਸਾਫ਼ ਦੀ ਜੰਗ ਲੜਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਨੇਹਾ ਦਾ ਪਰਿਵਾਰ।
ਬੀਤੇ ਦਿਨੀਂ ਪੰਜਾਬ ਵਿਚ ਨਸ਼ਿਆਂ ਦੀ ਹਨੇਰੀ ਖ਼ਿਲਾਫ਼ ਲੜਦਾ ਸ਼ਹੀਦ ਹੋਇਆ ਪਰਵਿੰਦਰ ਸਿੰਘ ਝੋਟਾ ਕਈਆਂ ਨੂੰ ਚਰਚਾ ਵਿਚ ਲਿਆ ਗਿਆ। ਅੱਜ ਝੋਟੇ ਦੇ ਨਾਲ-ਨਾਲ ਨੇਹਾ ਸ਼ੋਰੀ ਦੀਆਂ ਫੋਟੋਆਂ ਪੂਰੇ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਹਨ। ਅੱਜ ਨੇਹਾ ਸ਼ੋਰੀ ਦੀ ਅਮਰ ਕਹਾਣੀ ਤੋਂ ਬੱਚਾ-ਬੱਚਾ ਜਾਣੂ ਹੋ ਗਿਆ ਹੈ। ਸਾਡੇ ਨੌਜਵਾਨ ਵਰਗ ਨੂੰ ਅਜਿਹੇ ਪਾਕਿ-ਪਵਿੱਤਰ ਲੋਕਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਅੰਤ ’ਚ ਸੁਰਜੀਤ ਪਾਤਰ ਦਾ ਸ਼ਿਅਰ ਯਾਦ ਆ ਰਿਹਾ ਹੈ...
ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ,
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ।
ਜੋ ਸਲੀਬਾਂ ’ਤੇ ਟੰਗੇ ਨੇ ਲੱਥਣੇ ਨਹੀਂ,
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ...।
-ਹਰਸੰਤ ਸਿੰਘ ਢੀਂਡਸਾ
-(ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੌਹਰੀਆਂ (ਸੰਗਰੂਰ)।
-ਮੋਬਾਈਲ : 98781-97000