- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਗਦਾ ਹੈ ਕਿ ਉਹ ਇਹ ਯਾਦ ਨਹੀਂ ਕਰਨਾ ਚਾਹੁੰਦੇ ਕਿ ਇਸ ਸੰਗਠਨ ਨੇ ਮਨਮੋਹਨ ਸਰਕਾਰ ਦੇ ਸਮੇਂ ਆਕਾਰ ਲਿਆ ਸੀ। ਮਨਮੋਹਨ ਸਿੰਘ ਨੇ ਇਸ ਦੇ ਪਹਿਲੇ ਅਤੇ ਦੂਜੇ ਸੰਮੇਲਨ ’ਚ ਭਾਗ ਵੀ ਲਿਆ ਸੀ। ਉਸ ਸਮੇਂ ਚਿਦੰਬਰਮ ਮਨਮੋਹਨ ਸਰਕਾਰ ’ਚ ਮੰਤਰੀ ਵੀ ਸਨ। ਆਖ਼ਰ ਉਨ੍ਹਾਂ ਨੇ ਪਹਿਲਾਂ ਇਹ ਸਵਾਲ ਕਿਉਂ ਨਹੀਂ ਪੁੱਛਿਆ ਕਿ ਇਸ ਸੰਗਠਨ ਤੋਂ ਭਾਰਤ ਨੂੰ ਕੀ ਹਾਸਲ ਹੋ ਰਿਹਾ ਹੈ? ਮਨਮੋਹਨ ਸਰਕਾਰ ’ਚ ਵਿੱਤ ਮੰਤਰੀ ਹੋਣ ਦੇ ਨਾਤੇ ਤਾਂ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਇਹ ਸਵਾਲ ਕਰਨਾ ਚਾਹੀਦਾ ਸੀ। ਇਹ ਚੰਗੀ ਗੱਲ ਹੋਈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਸ਼ਸ਼ੀ ਥਰੂਰ ਨੇ ਜਵਾਬ ਦਿੱਤਾ।

ਬ੍ਰਾਜ਼ੀਲ, ਰੂਸ, ਭਾਰਤ ਤੇ ਚੀਨ ਲਈ ਘੜੇ ਗਏ ਸ਼ਬਦ ‘ਬ੍ਰਿਕ’ ’ਚ ਦੱਖਣੀ ਅਫ਼ਰੀਕਾ ਦੇ ਸ਼ਾਮਲ ਹੋਣ ਤੋਂ ਬਾਅਦ ‘ਬ੍ਰਿਕਸ’ ਦੇ ਨਾਂ ਨਾਲ ਚਰਚਿਤ ਇਸ ਸੰਗਠਨ ਦਾ ਸਿਖ਼ਰ ਸੰਮੇਲਨ ਅਜਿਹੇ ਸਮੇਂ ਭਾਰਤ ’ਚ ਹੋ ਰਿਹਾ ਹੈ, ਜਦੋਂ ਅਜਿਹੇ ਕਿਸੇ ਸਮੂਹ ਦੀ ਲੋੜ ਹੋਰ ਵੀ ਵਧ ਗਈ ਹੈ। ਇਸ ਦਾ ਇਕ ਵੱਡਾ ਕਾਰਨ ਪੱਛਮ ਤੇ ਖ਼ਾਸ ਤੌਰ ’ਤੇ ਉਸ ਦੀ ਅਗਵਾਈ ਕਰ ਰਹੇ ਅਮਰੀਕਾ ਦਾ ਮਨਮਰਜ਼ੀ ਵਾਲਾ ਰਵੱਈਆ ਹੈ। ਜਦੋਂ ਕਰੀਬ ਇਕ ਦਰਜਨ ਮੈਂਬਰ ਦੇਸ਼ਾਂ ਸਮੇਤ ਹੋਰ ਵਿਕਾਸਸ਼ੀਲ ਦੇਸ਼ ਇਸ ਸੰਗਠਨ ਦਾ ਪ੍ਰਭਾਵ ਵਧਦਾ ਦੇਖ ਰਹੇ ਹਨ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਜਤਾ ਰਹੇ ਹਨ, ਤਦ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦਾ ਇਹ ਕਹਿਣਾ ਕਿ ਆਖ਼ਰ ਬ੍ਰਿਕਸ ਸੰਮੇਲਨਾਂ ਤੋਂ ਭਾਰਤ ਨੂੰ ਕੀ ਲਾਭ ਮਿਲਿਆ ਹੈ, ਸਿਆਸੀ ਤੰਗਦਿਲੀ ਹੀ ਲੱਗ ਰਹੀ ਹੈ। ਲੱਗਦਾ ਹੈ ਕਿ ਉਹ ਇਹ ਯਾਦ ਨਹੀਂ ਕਰਨਾ ਚਾਹੁੰਦੇ ਕਿ ਇਸ ਸੰਗਠਨ ਨੇ ਮਨਮੋਹਨ ਸਰਕਾਰ ਦੇ ਸਮੇਂ ਆਕਾਰ ਲਿਆ ਸੀ। ਮਨਮੋਹਨ ਸਿੰਘ ਨੇ ਇਸ ਦੇ ਪਹਿਲੇ ਅਤੇ ਦੂਜੇ ਸੰਮੇਲਨ ’ਚ ਭਾਗ ਵੀ ਲਿਆ ਸੀ। ਉਸ ਸਮੇਂ ਚਿਦੰਬਰਮ ਮਨਮੋਹਨ ਸਰਕਾਰ ’ਚ ਮੰਤਰੀ ਵੀ ਸਨ। ਆਖ਼ਰ ਉਨ੍ਹਾਂ ਨੇ ਪਹਿਲਾਂ ਇਹ ਸਵਾਲ ਕਿਉਂ ਨਹੀਂ ਪੁੱਛਿਆ ਕਿ ਇਸ ਸੰਗਠਨ ਤੋਂ ਭਾਰਤ ਨੂੰ ਕੀ ਹਾਸਲ ਹੋ ਰਿਹਾ ਹੈ? ਮਨਮੋਹਨ ਸਰਕਾਰ ’ਚ ਵਿੱਤ ਮੰਤਰੀ ਹੋਣ ਦੇ ਨਾਤੇ ਤਾਂ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਇਹ ਸਵਾਲ ਕਰਨਾ ਚਾਹੀਦਾ ਸੀ। ਇਹ ਚੰਗੀ ਗੱਲ ਹੋਈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਸ਼ਸ਼ੀ ਥਰੂਰ ਨੇ ਜਵਾਬ ਦਿੱਤਾ। ਹਾਲਾਂਕਿ ਪਤਾ ਨਹੀਂ ਇਸ ਨਾਲ ਉਨ੍ਹਾਂ ਨੂੰ ਬ੍ਰਿਕਸ ਦੀ ਮਹੱਤਤਾ ਸਮਝ ਆਵੇਗੀ ਜਾਂ ਨਹੀਂ, ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਸੰਗਠਨ ਦਾ ਹੋਰ ਪ੍ਰਭਾਵਸ਼ਾਲੀ ਰੂਪ ’ਚ ਉਭਰਨਾ ਭਾਰਤ ਦੇ ਨਾਲ-ਨਾਲ ਵਿਕਾਸਸ਼ੀਲ ਦੇਸ਼ਾਂ ਦੇ ਹਿੱਤ ’ਚ ਹੈ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ ਸਹੀ ਹੈ ਕਿ ਇਸ ਸੰਗਠਨ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਹਨ, ਪਰ ਇਸ ਦੇ ਨਾਲ ਹੀ ਇਸ ਕੋਲ ਬਹੁਤ ਸਾਰੇ ਮੌਕੇ ਵੀ ਮੌਜੂਦ ਹਨ। ਬ੍ਰਿਕਸ ਦੇ ਸਾਹਮਣੇ ਮੌਕਿਆਂ ਦੀ ਕਮੀ ਇਸ ਲਈ ਨਹੀਂ ਹੈ, ਕਿਉਂਕਿ ਮੈਂਬਰ ਦੇਸ਼ ਦੁਨੀਆ ਦੀ ਲਗਭਗ ਅੱਧੀ ਆਬਾਦੀ ਤੇ ਖ਼ਰੀਦ ਸ਼ਕਤੀ ਦੇ ਹਿਸਾਬ ਨਾਲ ਆਲਮੀ ਜੀਡੀਪੀ ਦੇ ਕਰੀਬ 40 ਫ਼ੀਸਦੀ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ। ਇਸ ਪੱਖੋਂ ਬ੍ਰਿਕਸ ਸਮੂਹ ਜੀ-7 ਤੋਂ ਅੱਗੇ ਹੈ। ਇਹ ਇਸ ਗੱਲ ਕਾਰਨ ਅਹਿਮ ਵੀ ਹੋ ਜਾਂਦਾ ਹੈ। ਪਿਛਲੇ ਕੁਝ ਸਮੇਂ ’ਚ ਇਹ ਸੰਗਠਨ ‘ਗਲੋਬਲ ਸਾਊਥ’ ਕਹੇ ਜਾਣ ਵਾਲੇ ਦੇਸ਼ਾਂ ਦੀ ਆਵਾਜ਼ ਦੇ ਨਾਲ ਆਪਣੇ ਨਿਊ ਡਿਵੈਲਪਮੈਂਟ ਬੈਂਕ ਰਾਹੀਂ ਡਾਲਰ ’ਤੇ ਨਿਰਭਰਤਾ ਘਟਾਉਣ ਦੇ ਮੰਚ ਵਜੋਂ ਉਭਰਿਆ ਹੈ। ਦੂਜੇ ਪਾਸੇ ਹੁਣ ਦੇਖਣਾ ਇਹ ਵੀ ਹੈ ਕਿ ਦਿੱਲੀ ’ਚ ਕਰਵਾਏ ਜਾ ਰਹੇ ਇਸ ਬ੍ਰਿਕਸ ਸੰਮੇਲਨ ’ਚ ਮੈਂਬਰ ਅਤੇ ਸਹਿਯੋਗੀ ਦੇਸ਼ ਆਪਣੇ ਆਪਸੀ, ਸਿਆਸੀ ਤੇ ਆਲਮੀ ਪੱਧਰ ਦੇ ਮਤਭੇਦਾਂ ਨੂੰ ਭੁਲਾ ਕੇ ਆਪਸੀ ਵਪਾਰ ਨੂੰ ਕਿੰਨਾ ਅੱਗੇ ਲਿਜਾਣ ਦੀ ਕੋਈ ਠੋਸ ਰੂਪ-ਰੇਖਾ ਤਿਆਰ ਕਰ ਪਾਉਂਦੇ ਹਨ? ਅਜਿਹੀ ਰੂਪ-ਰੇਖਾ ਇਸ ਲਈ ਬਣਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਹੀ ਇਸ ਸੰਗਠਨ ਦੀ ਅਹਿਮੀਅਤ ਵਧੇਗੀ। ਅੱਜ ਜਦੋਂ ਅਨੇਕ ਦੇਸ਼ ਆਰਥਿਕ, ਵਪਾਰਕ ਅਤੇ ਕੂਟਨੀਤਕ ਮਾਮਲਿਆਂ ਵਿੱਚ ਪੱਛਮੀ ਸੰਸਾਰ ਦੀ ਅਗਵਾਈ ਕਰ ਰਹੇ ਅਮਰੀਕਾ ਦੀ ਚੌਧਰਾਹਟ ਤੋਂ ਪਰੇਸ਼ਾਨ ਹਨ, ਤਦ ਜੇਕਰ ਬ੍ਰਿਕਸ ਦੇਸ਼ ਆਪਣੀਆਂ-ਆਪਣੀਆਂ ਮੁਦਰਾਵਾਂ ਰਾਹੀਂ ਆਪਸੀ ਵਪਾਰ ਵਧਾਉਣ ਲਈ ਸਹਿਮਤ ਹੋ ਜਾਂਦੇ ਹਨ ਤਾਂ ਇਹ ਇਕ ਵੱਡੀ ਉਪਲਬਧੀ ਹੋਵੇਗੀ। ਇਹ ਸਮੇਂ ਦੀ ਮੰਗ ਹੈ ਕਿ ਬ੍ਰਿਕਸ ਦੇਸ਼ ਆਪਸੀ ਸਹਿਯੋਗ ਰਾਹੀਂ ਆਪਣੀ ਸੱਚੀ ਏਕਤਾ ਦਾ ਪ੍ਰਦਰਸ਼ਨ ਕਰਨ।