- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਦੋ ਜਾਂ ਵੱਧ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਸਾਂਝੇ ਏਜੰਡੇ ’ਚ ਪੰਜਾਬ ਦੀ ਆਰਥਿਕਤਾ, ਰੁਜ਼ਗਾਰ, ਸਿੱਖਿਆ, ਸਿਹਤ ਅਤੇ ਖੇਤੀਬਾੜੀ ਬਾਰੇ ਸਪੱਸ਼ਟ ਨੀਤੀ ਪੇਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਇਹ ਪੁੱਛਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਸੂਬੇ ਦੀ ਆਮਦਨ ਵਧਾਉਣ ਦਾ ਕੀ ਰੋਡਮੈਪ ਹੈ? ਸਰਕਾਰੀ ਖਜ਼ਾਨੇ ’ਤੇ ਵਧ ਰਹੇ ਬੋਝ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ?

.jpg)
ਇੰਦਰਪ੍ਰੀਤ ਸਿੰਘ
ਰੋਸ ਨਾ ਕੀਜੈ : ਪੰਜਾਬ ਦੀ ਸਿਆਸਤ ਇਕ ਵਾਰ ਫਿਰ ਚੋਣਾਂ ਦੇ ਰੰਗ ’ਚ ਰੰਗੀ ਜਾਣ ਲੱਗੀ ਹੈ। ਸਿਆਸੀ ਪਾਰਟੀਆਂ ਦੀਆਂ ਰੈਲੀਆਂ ਸ਼ੁਰੂ ਹੋ ਰਹੀਆਂ ਹਨ, ਨੁੱਕੜ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ, ਵਪਾਰੀਆਂ, ਕਿਸਾਨਾਂ, ਮੁਲਾਜ਼ਮਾਂ ਤੇ ਸਮਾਜ ਦੇ ਹੋਰ ਵਰਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕਿਤੇ ਨਵੇਂ ਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਕਿਤੇ ਪੁਰਾਣੇ ਸਿਆਸੀ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਪਰਖਿਆ ਜਾ ਰਿਹਾ ਹੈ। ਇਨ੍ਹਾਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ’ਚ ਨਵੇਂ ਸਮੀਕਰਨ ਬਣਨ ਦੀ ਚਰਚਾ ਵੀ ਤੇਜ਼ ਹੋ ਰਹੀ ਹੈ ਪਰ ਇਸ ਸਾਰੇ ਸਿਆਸੀ ਘਟਨਾਕ੍ਰਮ ’ਚ ਇਕ ਬੁਨਿਆਦੀ ਸਵਾਲ ਅਜੇ ਵੀ ਆਪਣੀ ਥਾਂ ਖੜ੍ਹਾ ਹੈ ਕਿ ਪੰਜਾਬ ਨੂੰ ਅੱਗੇ ਲਿਜਾਣ ਲਈ ਕਿਸ ਪਾਰਟੀ ਕੋਲ ਕੀ ਏਜੰਡਾ ਹੈ? ਹੁਣ ਸਮਾਂ ਸਿਰਫ਼ ਭਾਸ਼ਣ ਦੇਣ, ਇਕ-ਦੂਜੇ ’ਤੇ ਦੋਸ਼ ਲਾਉਣ ਜਾਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਗਿਣਾਉਣ ਦਾ ਨਹੀਂ ਰਿਹਾ। ਪੰਜਾਬ ਦੀ ਆਰਥਿਕ ਸਥਿਤੀ, ਸੂਬੇ ਸਿਰ ਕਰਜ਼ੇ ਦਾ ਬੋਝ, ਬੇਰੁਜ਼ਗਾਰੀ, ਖੇਤੀਬਾੜੀ ਸੰਕਟ, ਉਦਯੋਗਾਂ ਦੀਆਂ ਸਮੱਸਿਆਵਾਂ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਖ਼ ਤੇ ਸਰਕਾਰੀ ਖਜ਼ਾਨੇ ਦੀਆਂ ਹੱਦਾਂ ਤੋਂ ਕੋਈ ਵੀ ਸਿਆਸੀ ਪਾਰਟੀ ਅਣਜਾਣ ਨਹੀਂ ਹੋ ਸਕਦੀ। ਜੇਕਰ ਕੋਈ ਪਾਰਟੀ ਅਜੇ ਵੀ ਇਨ੍ਹਾਂ ਮੁੱਦਿਆਂ ਨੂੰ ਸਮਝਣ ਦੀ ਬਜਾਏ ਸਿਰਫ਼ ਸੱਤਾ ਹਾਸਲ ਕਰਨ ਲਈ ਵਾਅਦਿਆਂ ਦੀ ਝੜੀ ਲਾਉਂਦੀ ਹੈ ਤਾਂ ਸਵਾਲ ਪੁੱਛਣਾ ਬਣਦਾ ਹੈ ਕਿ ਇਨ੍ਹਾਂ ਵਾਅਦਿਆਂ ਦੀ ਕੀਮਤ ਕੌਣ ਅਦਾ ਕਰੇਗਾ? ਪੰਜਾਬ ਨੂੰ ਇਸ ਵੇਲੇ ਅਜਿਹੇ ਚੋਣ ਮੈਨੀਫੈਸਟੋ ਦੀ ਲੋੜ ਹੈ, ਜਿਸ ’ਚ ਵਾਅਦਿਆਂ ਨਾਲੋਂ ਵਿੱਤੀ ਯੋਜਨਾਬੰਦੀ ਨੂੰ ਵਧੇਰੇ ਮਹੱਤਵ ਦਿੱਤਾ ਗਿਆ ਹੋਵੇ। ਕੋਈ ਪਾਰਟੀ ਜੇਕਰ ਮੁਫ਼ਤ ਬਿਜਲੀ, ਵਿੱਤੀ ਸਹਾਇਤਾ, ਪੈਨਸ਼ਨਾਂ, ਨਵੀਆਂ ਸਬਸਿਡੀਆਂ, ਸਰਕਾਰੀ ਨੌਕਰੀਆਂ ਜਾਂ ਹੋਰ ਸਹੂਲਤਾਂ ਦੇਣ ਦਾ ਵਾਅਦਾ ਕਰਦੀ ਹੈ ਤਾਂ ਉਸ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਲਈ ਪੈਸਾ ਕਿੱਥੋਂ ਆਵੇਗਾ? ਕੀ ਇਸ ਵਾਸਤੇ ਸਰਕਾਰ ਦੀ ਆਮਦਨ ਵਧਾਉਣ ਦੀ ਕੋਈ ਯੋਜਨਾ ਹੈ, ਕੀ ਫਜ਼ੂਲ ਖਰਚਿਆਂ ’ਚ ਕਟੌਤੀ ਕੀਤੀ ਜਾਵੇਗੀ, ਕੀ ਨਵੇਂ ਉਦਯੋਗ ਲਿਆਂਦੇ ਜਾਣਗੇ ਜਾਂ ਫਿਰ ਇਹ ਸਾਰਾ ਬੋਝ ਹੋਰ ਕਰਜ਼ਾ ਲੈ ਕੇ ਪੂਰਾ ਕੀਤਾ ਜਾਵੇਗਾ? ਆਖਰ ਪੰਜਾਬ ਦਾ ਖਜ਼ਾਨਾ ਕੋਈ ਅਜਿਹੀ ਖੁੱਲ੍ਹੀ ਤਿਜੋਰੀ ਤਾਂ ਨਹੀਂ, ਜਿਸ ’ਚੋਂ ਜਦੋਂ ਮਰਜ਼ੀ ਜਿੰਨਾ ਮਰਜ਼ੀ ਪੈਸਾ ਕੱਢਿਆ ਜਾ ਸਕੇ। ਅੱਜ ਲਿਆ ਗਿਆ ਕਰਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੇ ਵਾਪਸ ਕਰਨਾ ਹੈ। ਇਸ ਲਈ ਚੋਣ ਵਾਅਦੇ ਕਰਦੇ ਸਮੇਂ ਸਿਆਸੀ ਪਾਰਟੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਵਾਅਦਿਆਂ ਦਾ ਪੰਜ ਸਾਲਾਂ ’ਚ ਕੁੱਲ ਵਿੱਤੀ ਬੋਝ ਕਿੰਨਾ ਹੋਵੇਗਾ ਤੇ ਇਸ ਦੇ ਬਦਲੇ ਸੂਬੇ ਦੀ ਆਮਦਨ ’ਚ ਕਿੰਨਾ ਵਾਧਾ ਹੋਣ ਦੀ ਉਮੀਦ ਹੈ। ਇਹ ਵੀ ਜ਼ਰੂਰੀ ਨਹੀਂ ਕਿ ਲੋਕ ਭਲਾਈ ਦੀਆਂ ਸਾਰੀਆਂ ਯੋਜਨਾਵਾਂ ਨੂੰ ਖ਼ਰਚਾ ਸਮਝ ਕੇ ਨਕਾਰ ਦਿੱਤਾ ਜਾਵੇ। ਗ਼ਰੀਬ ਪਰਿਵਾਰਾਂ ਨੂੰ ਰਾਹਤ, ਸਿੱਖਿਆ, ਸਿਹਤ ਸੇਵਾਵਾਂ ਤੇ ਸਮਾਜਿਕ ਸੁਰੱਖਿਆ ਸਰਕਾਰ ਦੀਆਂ ਅਹਿਮ ਜ਼ਿੰਮੇਵਾਰੀਆਂ ਹਨ ਪਰ ਇਨ੍ਹਾਂ ਯੋਜਨਾਵਾਂ ਦਾ ਆਧਾਰ ਵੀ ਟਿਕਾਊ ਵਿੱਤੀ ਪ੍ਰਬੰਧ ਹੋਣਾ ਚਾਹੀਦਾ ਹੈ। ਲੋਕਾਂ ਨੂੰ ਰਾਹਤ ਦੇਣੀ ਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਇਕ-ਦੂਜੇ ਦੇ ਵਿਰੋਧੀ ਨਹੀਂ ਹਨ। ਅਸਲ ਚੁਣੌਤੀ ਦੋਵਾਂ ਵਿਚਕਾਰ ਸੰਤੁਲਨ ਬਣਾਉਣ ਦੀ ਹੈ। ਇਸੇ ਤਰ੍ਹਾਂ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਉਦਯੋਗਾਂ ਦੀ ਵਾਪਸੀ, ਨਵੇਂ ਨਿਵੇਸ਼, ਖੇਤੀਬਾੜੀ ਦੀ ਵੰਨ-ਸੁਵੰਨਤਾ, ਛੋਟੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਬਾਰੇ ਸਪੱਸ਼ਟ ਯੋਜਨਾ ਹੋਣੀ ਚਾਹੀਦੀ ਹੈ। ਸਿਰਫ਼ ਇਹ ਕਹਿ ਦੇਣਾ ਕਿ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾਵੇਗਾ, ਕਾਫ਼ੀ ਨਹੀਂ। ਇਹ ਵੀ ਦੱਸਣਾ ਪਵੇਗਾ ਕਿ ਕਿਹੜੇ ਖੇਤਰ ਵਿੱਚ ਕਿੰਨਾ ਨਿਵੇਸ਼ ਹੋਵੇਗਾ, ਕਿੰਨੇ ਰੁਜ਼ਗਾਰ ਪੈਦਾ ਕਰਨ ਦਾ ਟੀਚਾ ਹੈ ਅਤੇ ਇਹ ਟੀਚੇ ਕਿਵੇਂ ਪੂਰੇ ਕੀਤੇ ਜਾਣਗੇ। ਦੂਜੇ ਪਾਸੇ, ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਵਰਗਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਵੀ ਇਸੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਵਪਾਰੀਆਂ ਨਾਲ ਮੀਟਿੰਗਾਂ ਹੋਣ, ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਵੇ ਜਾਂ ਮੁਲਾਜ਼ਮਾਂ ਅਤੇ ਨੌਜਵਾਨਾਂ ਨਾਲ ਸੰਵਾਦ, ਇਹ ਸਭ ਲੋਕਤੰਤਰ ਦਾ ਹਿੱਸਾ ਹਨ ਪਰ ਇਨ੍ਹਾਂ ਮੀਟਿੰਗਾਂ ’ਚੋਂ ਸਿਰਫ਼ ਸਮਰਥਨ ਹਾਸਲ ਕਰਨ ਦੇ ਵਾਅਦੇ ਨਹੀਂ, ਸਗੋਂ ਨੀਤੀਗਤ ਹੱਲ ਨਿਕਲਣੇ ਚਾਹੀਦੇ ਹਨ। ਜੇਕਰ ਕਿਸੇ ਵਰਗ ਦੀ ਮੰਗ ਮੰਨੀ ਜਾਂਦੀ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਵਿੱਤੀ ਪ੍ਰਬੰਧ ਵੀ ਸਪੱਸ਼ਟ ਹੋਣਾ ਚਾਹੀਦਾ ਹੈ। ਗਠਜੋੜਾਂ ਦੀ ਸਿਆਸਤ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਨਵੇਂ ਸਿਆਸੀ ਸਮੀਕਰਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਗਠਜੋੜ ਸਿਰਫ਼ ਚੋਣਾਂ ਜਿੱਤਣ ਲਈ ਹੋਣਗੇ ਜਾਂ ਇਨ੍ਹਾਂ ਪਿੱਛੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਕੋਈ ਸਾਂਝਾ ਪ੍ਰੋਗਰਾਮ ਵੀ ਹੋਵੇਗਾ? ਜੇਕਰ ਦੋ ਜਾਂ ਵੱਧ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਸਾਂਝੇ ਏਜੰਡੇ ’ਚ ਪੰਜਾਬ ਦੀ ਆਰਥਿਕਤਾ, ਰੁਜ਼ਗਾਰ, ਸਿੱਖਿਆ, ਸਿਹਤ ਅਤੇ ਖੇਤੀਬਾੜੀ ਬਾਰੇ ਸਪੱਸ਼ਟ ਨੀਤੀ ਪੇਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਇਹ ਪੁੱਛਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਸੂਬੇ ਦੀ ਆਮਦਨ ਵਧਾਉਣ ਦਾ ਕੀ ਰੋਡਮੈਪ ਹੈ? ਸਰਕਾਰੀ ਖਜ਼ਾਨੇ ’ਤੇ ਵਧ ਰਹੇ ਬੋਝ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ? ਕਰਜ਼ੇ ’ਤੇ ਨਿਰਭਰਤਾ ਕਿਵੇਂ ਘਟਾਈ ਜਾਵੇਗੀ? ਨੌਜਵਾਨਾਂ ਨੂੰ ਪੰਜਾਬ ’ਚ ਹੀ ਰੁਜ਼ਗਾਰ ਦੇਣ ਲਈ ਕੀ ਕੀਤਾ ਜਾਵੇਗਾ? ਉਦਯੋਗਪਤੀਆਂ ਦਾ ਭਰੋਸਾ ਕਿਵੇਂ ਬਹਾਲ ਹੋਵੇਗਾ? ਅਤੇ ਸਭ ਤੋਂ ਵੱਡੀ ਗੱਲ, ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ ਦੀ ਜਵਾਬਦੇਹੀ ਕੌਣ ਤੈਅ ਕਰੇਗਾ? ਹਰ ਸਿਆਸੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਨਾਲ ਇਕ ਵਿੱਤੀ ਰੋਡਮੈਪ ਵੀ ਜਾਰੀ ਕਰੇ। ਇਸ ’ਚ ਹਰ ਵੱਡੇ ਵਾਅਦੇ ਦੀ ਅਨੁਮਾਨਿਤ ਲਾਗਤ, ਪੈਸੇ ਦਾ ਸਰੋਤ, ਪੰਜ ਸਾਲਾਂ ਦੀ ਸਮਾਂ-ਸੀਮਾ ਤੇ ਉਸ ਦੀ ਪੂਰਤੀ ਦੀ ਨਿਗਰਾਨੀ ਦਾ ਤਰੀਕਾ ਦਰਜ ਹੋਵੇ। ਹਰ ਸਾਲ ਲੋਕਾਂ ਸਾਹਮਣੇ ਇਸ ਦੀ ਪ੍ਰਗਤੀ ਰਿਪੋਰਟ ਵੀ ਰੱਖੀ ਜਾਵੇ। ਇਸ ਨਾਲ ਵੋਟਰਾਂ ਨੂੰ ਸਿਰਫ਼ ਵਾਅਦਿਆਂ ਦੀ ਗਿਣਤੀ ਨਹੀਂ, ਸਗੋਂ ਉਨ੍ਹਾਂ ਦੀ ਅਸਲੀਅਤ ਵੀ ਸਮਝ ਆਵੇਗੀ। ਅਸਲ ’ਚ ਪੰਜਾਬ ਨੂੰ ਇਸ ਵੇਲੇ ਸੱਤਾ ਬਦਲਣ ਨਾਲੋਂ ਵੱਧ ਨੀਤੀ ਬਦਲਣ ਦੀ ਲੋੜ ਹੈ। ਸਿਆਸੀ ਪਾਰਟੀਆਂ ਆਉਣ, ਆਪਣੀਆਂ ਯੋਜਨਾਵਾਂ ਪੇਸ਼ ਕਰਨ, ਗਠਜੋੜ ਬਣਾਉਣ ਅਤੇ ਲੋਕਾਂ ਤੋਂ ਸਮਰਥਨ ਮੰਗਣ, ਇਹ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਹੈ ਪਰ ਪੰਜਾਬ ਦੇ ਲੋਕਾਂ ਦਾ ਵੀ ਇਹ ਅਧਿਕਾਰ ਹੈ ਕਿ ਉਹ ਹਰ ਵਾਅਦੇ ਦਾ ਹਿਸਾਬ ਮੰਗਣ। ਆਖਰ ਸਵਾਲ ਕਿਸੇ ਇਕ ਪਾਰਟੀ ਜਾਂ ਨੇਤਾ ਦਾ ਨਹੀਂ, ਪੰਜਾਬ ਦੇ ਭਵਿੱਖ ਦਾ ਹੈ। ਸਿਆਸਤਦਾਨਾਂ ਨੇ ਚੋਣਾਂ ਜਿੱਤ ਕੇ ਪੰਜ ਸਾਲ ਸਰਕਾਰ ਚਲਾਉਣੀ ਹੈ ਪਰ ਪੰਜਾਬ ਨੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜਿਊਂਦਾ ਰਹਿਣਾ ਹੈ।
- ਲੇਖਕ ਪੰਜਾਬੀ ਜਾਗਰਣ ਦੇ ਸੰਪਾਦਕ ਹਨ।