ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਨੂੰ ਦਿੱਤਾ ਵੱਡਾ ਝਟਕਾ, 34843 ਕਰੋੜ ਰੁਪਏ ਦੀ ਨਿਕਾਸੀ ਨਾਲ ਘਰੇਲੂ ਨਿਵੇਸ਼ਕਾਂ 'ਚ ਚਿੰਤਾ
CDSL ਦੇ ਅੰਕੜਿਆਂ ਮੁਤਾਬਕ, ਸਤੰਬਰ 'ਚ FPI ਨੇ ਭਾਰਤੀ ਸ਼ੇਅਰ ਬਾਜ਼ਾਰ 'ਚੋਂ 35,861 ਕਰੋੜ ਰੁਪਏ ਕਢਵਾਏ ਸਨ। ਇਸ ਤੋਂ ਪਹਿਲਾਂ ਜੁਲਾਈ 'ਚ ਉਨ੍ਹਾਂ ਨੇ 20,200 ਕਰੋੜ ਰੁਪਏ ਅਤੇ ਅਗਸਤ 'ਚ 29,631 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
Publish Date: Sun, 01 Nov 2026 03:18 PM (IST)
Updated Date: Sun, 01 Nov 2026 03:22 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ 'ਚੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਵੱਲੋਂ ਪੈਸਾ ਕਢਵਾਉਣ ਦਾ ਸਿਲਸਿਲਾ ਅਕਤੂਬਰ 'ਚ ਵੀ ਜਾਰੀ ਰਿਹਾ। ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਦੌਰਾਨ ਭਾਰਤੀ ਸ਼ੇਅਰਾਂ 'ਚੋਂ 34,843 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਵਿਦੇਸ਼ੀ ਨਿਵੇਸ਼ਕਾਂ ਨੇ ਵੱਡੇ ਪੱਧਰ 'ਤੇ ਭਾਰਤੀ ਬਾਜ਼ਾਰ 'ਚੋਂ ਪੈਸਾ ਕਢਵਾਇਆ ਹੈ। ਹਾਲਾਂਕਿ, ਅਕਤੂਬਰ ਦੇ ਆਖਰੀ ਹਫ਼ਤੇ ਵਿਦੇਸ਼ੀ ਨਿਵੇਸ਼ਕ ਮੁੜ ਖਰੀਦਦਾਰ ਬਣੇ ਅਤੇ ਉਨ੍ਹਾਂ ਨੇ 26 ਤੋਂ 30 ਅਕਤੂਬਰ ਦੌਰਾਨ ਲਗਭਗ 6,300 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਟਿਡ (CDSL) ਦੇ ਅੰਕੜਿਆਂ ਮੁਤਾਬਕ, ਸਤੰਬਰ 'ਚ FPI ਨੇ ਭਾਰਤੀ ਸ਼ੇਅਰ ਬਾਜ਼ਾਰ 'ਚੋਂ 35,861 ਕਰੋੜ ਰੁਪਏ ਕਢਵਾਏ ਸਨ। ਇਸ ਤੋਂ ਪਹਿਲਾਂ ਜੁਲਾਈ 'ਚ ਉਨ੍ਹਾਂ ਨੇ 20,200 ਕਰੋੜ ਰੁਪਏ ਅਤੇ ਅਗਸਤ 'ਚ 29,631 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
2026 'ਚ ਹੁਣ ਤੱਕ FPI ਨੇ ਕਢਵਾਏ 2.95 ਲੱਖ ਕਰੋੜ ਰੁਪਏ
ਅਕਤੂਬਰ 'ਚ ਹੋਈ ਨਿਕਾਸੀ ਤੋਂ ਬਾਅਦ 2026 'ਚ ਹੁਣ ਤਕ ਭਾਰਤੀ ਸ਼ੇਅਰ ਬਾਜ਼ਾਰ 'ਚੋਂ ਵਿਦੇਸ਼ੀ ਨਿਵੇਸ਼ਕਾਂ ਦੀ ਕੁੱਲ ਨਿਕਾਸੀ ਵਧ ਕੇ 2.95 ਲੱਖ ਕਰੋੜ ਰੁਪਏ ਹੋ ਗਈ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅਕਤੂਬਰ ਦੇ ਆਖਰੀ ਕਾਰੋਬਾਰੀ ਸੈਸ਼ਨਾਂ 'ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਗਈ ਖਰੀਦਦਾਰੀ ਨਾਲ ਨੇੜਲੇ ਸਮੇਂ 'ਚ ਨਿਵੇਸ਼ਕਾਂ ਦੀ ਧਾਰਨਾ 'ਚ ਸੁਧਾਰ ਦੇ ਸੰਕੇਤ ਮਿਲੇ ਹਨ। ਹਾਲਾਂਕਿ, ਸਿਰਫ਼ ਇੱਕ ਹਫ਼ਤੇ ਦੀ ਖਰੀਦਦਾਰੀ ਨੂੰ ਵਿਦੇਸ਼ੀ ਪੂੰਜੀ ਦੀ ਸਥਾਈ ਵਾਪਸੀ ਦਾ ਸੰਕੇਤ ਨਹੀਂ ਮੰਨਿਆ ਜਾ ਸਕਦਾ।
ਮੀਰਾ ਮਨੀ ਦੇ ਸਹਿ-ਸੰਸਥਾਪਕ ਆਨੰਦ ਕੇ. ਰਾਠੀ ਅਨੁਸਾਰ, ਅਕਤੂਬਰ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਗਈ ਵਿਕਰੀ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਸ਼ਵ ਪੱਧਰ 'ਤੇ ਵਿਆਜ ਦਰਾਂ ਨੂੰ ਲੈ ਕੇ ਚਿੰਤਾ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀਆਂ ਸੰਭਾਵਨਾਵਾਂ ਰਹੀਆਂ।
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਭਾਰਤ 'ਚ ਮਹਿੰਗਾਈ ਵਧਾਉਣ ਦੇ ਨਾਲ-ਨਾਲ ਕੰਪਨੀਆਂ ਦੇ ਮੁਨਾਫ਼ੇ 'ਤੇ ਵੀ ਦਬਾਅ ਪਾ ਸਕਦੀਆਂ ਹਨ। ਉੱਥੇ ਹੀ, ਅਮਰੀਕਾ 'ਚ ਆਕਰਸ਼ਕ ਬਾਂਡ ਰਿਟਰਨ ਵਿਸ਼ਵ ਪੱਧਰੀ ਨਿਵੇਸ਼ਕਾਂ ਨੂੰ ਉੱਥੇ ਪੈਸਾ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਰਾਠੀ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅੱਗੇ ਵੀ ਜਾਰੀ ਰਹੇਗੀ ਜਾਂ ਨਹੀਂ, ਇਹ ਕਾਫ਼ੀ ਹੱਦ ਤੱਕ ਵਿਸ਼ਵ ਆਰਥਿਕ ਹਾਲਾਤ, ਕੱਚੇ ਤੇਲ ਦੀਆਂ ਕੀਮਤਾਂ ਅਤੇ ਕੰਪਨੀਆਂ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ।
ਘਰੇਲੂ ਨਿਵੇਸ਼ਕਾਂ ਨੇ ਬਾਜ਼ਾਰ ਨੂੰ ਦਿੱਤੀ ਸਥਿਰਤਾ
ਇਸ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਸੰਭਾਲਣ ਅਤੇ ਬਾਜ਼ਾਰ ਨੂੰ ਸਥਿਰਤਾ ਦੇਣ 'ਚ ਅਹਿਮ ਭੂਮਿਕਾ ਨਿਭਾਈ ਹੈ। ਜਿਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ ਕਿ ਅਕਤੂਬਰ ਦੇ ਆਖਰੀ ਚਾਰ ਕਾਰੋਬਾਰੀ ਸੈਸ਼ਨਾਂ 'ਚੋਂ ਤਿੰਨ ਦੌਰਾਨ FPI ਨਕਦ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਰਹੇ।
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫ਼ੈਸਲਾ, ਭਾਰਤ ਦੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਆਕਰਸ਼ਕ ਮੁੱਲਾਂਕਣ ਅਤੇ ਘਰੇਲੂ ਅਰਥਵਿਵਸਥਾ 'ਚ ਲਗਾਤਾਰ ਵਾਧੇ ਦੇ ਸੰਕੇਤ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ 'ਚ ਸੁਧਾਰ ਦੇ ਸੰਭਾਵਿਤ ਕਾਰਨ ਹੋ ਸਕਦੇ ਹਨ।
ਬਜਾਜ ਬ੍ਰੋਕਿੰਗ ਦੇ ਉਪ ਪ੍ਰਧਾਨ (ਖੋਜ) ਪਬਿਤਰੋ ਮੁਖਰਜੀ ਨੇ ਕਿਹਾ ਕਿ FPI ਵੱਲੋਂ ਵਿਕਰੀ ਤੋਂ ਖਰੀਦਦਾਰੀ ਵੱਲ ਮੁੜਨਾ ਬਾਜ਼ਾਰ ਦੀ ਧਾਰਨਾ ਦੇ ਲਿਹਾਜ਼ ਨਾਲ ਸਕਾਰਾਤਮਕ ਹੈ। ਹਾਲਾਂਕਿ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਵਿਸ਼ਵ ਪੱਧਰ 'ਤੇ ਜਾਰੀ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਇਸ ਤੇਜ਼ੀ ਦੀ ਰਫ਼ਤਾਰ ਨੂੰ ਸੀਮਤ ਕਰ ਸਕਦੀਆਂ ਹਨ।