- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮਦਨ ਕਰ ਵਿਭਾਗ ਨੇ ਆਪਣੀ ਵੈੱਬਸਾਈਟ ’ਤੇ ਐੱਫਏਕਿਊ (ਅਕਸਰ ਪੁੱਛੇ ਜਾਣ ਵਾਲੇ ਸਵਾਲ) ਤਹਿਤ ਨਾਬਾਲਗ ਬੱਚੇ ਦੀ ਆਮਦਨ ਨੂੰ ਉਸ ਦੇ ਮਾਤਾ-ਪਿਤਾ ਦੀ ਆਮਦਨ ਨਾਲ ਜੋੜਨ ਦੀ ਉਦਾਹਰਨ ਦਿੱਤੀ ਹੈ। ਮੰਨ ਲਓ- ਰਾਜਾ ਨਾਂ ਦੇ ਇੱਕ ਵਿਅਕਤੀ ਦੇ ਦੋ ਬੱਚੇ ਹਨ।

ਇਨ੍ਹੀਂ ਦਿਨੀਂ ਇੰਟਰਨੈੱਟ ਮੀਡੀਆ ਤੋਂ ਲੈ ਕੇ ਖੇਡਾਂ, ਇਸ਼ਤਿਹਾਰ ਅਤੇ ਲੇਖਨ ਖੇਤਰ ’ਚ ਬੱਚਿਆਂ ਲਈ ਕਮਾਈ ਦੇ ਕਈ ਮੌਕੇ ਹਨ ਤੇ ਇਸ ਸਮੇਂ ਵੱਡੀ ਗਿਣਤੀ ’ਚ ਨਾਬਾਲਗ ਇਨ੍ਹਾਂ ਸਰੋਤਾਂ ਤੋਂ ਲੱਖਾਂ-ਕਰੋੜਾਂ ਰੁਪਏ ਦੀ ਕਮਾਈ ਵੀ ਕਰ ਰਹੇ ਹਨ। ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਕੀ ਇਨ੍ਹਾਂ ਬੱਚਿਆਂ ਦੀ ਕਮਾਈ ’ਤੇ ਵੀ ਆਮਦਨ ਕਰ ਲੱਗੇਗਾ? ਆਮਦਨ ਕਰ ਕਾਨੂੰਨ ਦੀ ਧਾਰਾ 64(1ਏ) ’ਚ ਬੱਚਿਆਂ ਦੀ ਆਮਦਨ ’ਤੇ ਲੱਗਣ ਵਾਲੇ ਟੈਕਸ ਦੀ ਜਾਣਕਾਰੀ ਦਿੱਤੀ ਗਈ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਆਮਦਨ ਦੀਆਂ ਕਿਸਮਾਂ, ਛੋਟ ਅਤੇ ਟੈਕਸ ਨੂੰ ਲੈ ਕੇ ਪੜ੍ਹੋ ਮਨੋਜ ਕੁਮਾਰ ਦੀ ਰਿਪੋਰਟ...
ਮਾਤਾ-ਪਿਤਾ ਨਾਲ ਜੋੜੀ ਜਾਂਦੀ ਹੈ ਬੱਚੇ ਦੀ ਆਮਦਨ
ਆਮਦਨ ਕਰ ਕਾਨੂੰਨ ਦੀ ਧਾਰਾ 64(1ਏ) ਅਨੁਸਾਰ, ਨਾਬਾਲਗ ਬੱਚੇ ਦੀ ਆਮਦਨ ਨੂੰ ਉਸ ਦੇ ਮਾਤਾ-ਪਿਤਾ ਦੀ ਆਮਦਨ ਨਾਲ ਜੋੜਿਆ ਜਾਂਦਾ ਹੈ। ਜੇਕਰ ਨਾਬਾਲਗ ਬੱਚਾ ਸਰੀਰਕ ਮਿਹਨਤ ਜਾਂ ਆਪਣੇ ਹੁਨਰ, ਜਾਣਕਾਰੀ, ਪ੍ਰਤਿਭਾ, ਤਜਰਬੇ ਆਦਿ ਰਾਹੀਂ ਕੋਈ ਪੈਸਾ ਕਮਾਉਂਦਾ ਹੈ ਤਾਂ ਉਸ ਨੂੰ ਮਾਤਾ-ਪਿਤਾ ਦੀ ਆਮਦਨ ਨਾਲ ਨਹੀਂ ਜੋੜਿਆ ਜਾਵੇਗਾ। ਉਥੇ ਹੀ ਵਿਆਜ ਆਦਿ ਤੋਂ ਹੋਣ ਵਾਲੀ ਕਮਾਈ ਨੂੰ ਮਾਤਾ-ਪਿਤਾ ਦੀ ਆਮਦਨ ਨਾਲ ਜੋੜਿਆ ਜਾਵੇਗਾ। ਜੇਕਰ ਮਾਤਾ-ਪਿਤਾ ਵੱਖ ਹੋ ਜਾਂਦੇ ਹਨ ਤਾਂ ਨਾਬਾਲਗ ਦੀ ਆਮਦਨ ਨੂੰ ਉਸ (ਮਾਤਾ ਜਾਂ ਪਿਤਾ) ਨਾਲ ਜੋੜਿਆ ਜਾਵੇਗਾ, ਜੋ ਉਸ ਦੀ ਦੇਖਭਾਲ ਕਰਦਾ ਹੈ। ਜੇਕਰ ਮਾਤਾ-ਪਿਤਾ ਦੋਵੇਂ ਕੰਮਕਾਜੀ ਹਨ ਤਾਂ ਬੱਚੇ ਦੀ ਆਮਦਨ ਉਸ ਨਾਲ ਜੋੜੀ ਜਾਵੇਗੀ, ਜਿਸ ਦੀ ਕਮਾਈ ਵੱਧ ਹੈ।
ਕਿੰਨੀ ਕਮਾਈ ’ਤੇ ਟੈਕਸ ਨਹੀਂ
ਆਮਦਨ ਕਰ ਕਾਨੂੰਨ ਤਹਿਤ ਜੇਕਰ ਕਿਸੇ ਬੱਚੇ ਦੀ ਸਾਲਾਨਾ ਆਮਦਨ 1,500 ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਉਹ ਪੂਰੀ ਤਰ੍ਹਾਂ ਟੈਕਸ ਮੁਕਤ ਹੈ। ਜੇਕਰ ਕਿਸੇ ਨਾਬਾਲਗ ਬੱਚੇ ਦੀ ਆਮਦਨ ਨੂੰ ਉਸ ਦੇ ਮਾਤਾ-ਪਿਤਾ ਨਾਲ ਜੋੜਿਆ ਗਿਆ ਹੈ ਤਾਂ ਉਹ ਵਿਅਕਤੀ ਧਾਰਾ 10(32) ਤਹਿਤ 1,500 ਰੁਪਏ ਜਾਂ ਜੋੜੀ ਗਈ ਨਾਬਾਲਗ ਦੀ ਆਮਦਨ (ਜੋ ਵੀ ਘੱਟ ਹੋਵੇ) ਦੀ ਛੋਟ ਦਾ ਦਾਅਵਾ ਕਰ ਸਕਦਾ ਹੈ। ਨਾਬਾਲਗ ਦੀ ਆਮਦਨ ਜੋੜਨ ਤੋਂ ਬਾਅਦ ਵਿਅਕਤੀ ਨੂੰ ਆਪਣੇ ਨਿੱਜੀ ਟੈਕਸ ਸਲੈਬ ਅਨੁਸਾਰ ਟੈਕਸ ਦੇਣਾ ਹੋਵੇਗਾ।
ਦਿਵਿਆਂਗ-ਅਨਾਥ ਬੱਚੇ ਦੀ ਆਮਦਨ ’ਤੇ ਨਿਯਮ
ਆਮਦਨ ਕਰ ਕਾਨੂੰਨ ਦੀ ਧਾਰਾ 80ਯੂ ਤਹਿਤ, ਜੇਕਰ ਕੋਈ ਨਾਬਾਲਗ ਬੱਚਾ ਦਿਵਿਆਂਗ ਹੈ (40 ਫ਼ੀਸਦੀ ਤੋਂ ਵੱਧ ਸਰੀਰਕ ਜਾਂ ਮਾਨਸਿਕ ਤੌਰ ’ਤੇ ਦਿਵਿਆਂਗ) ਤਾਂ ਉਸ ’ਤੇ ਧਾਰਾ 64(1ਏ) ਦੇ ਨਿਯਮ ਲਾਗੂ ਨਹੀਂ ਹੋਣਗੇ। ਭਾਵ ਉਸ ਦੀ ਕਮਾਈ ਮਾਤਾ-ਪਿਤਾ ਦੀ ਆਮਦਨ ’ਚ ਨਹੀਂ ਜੋੜੀ ਜਾਵੇਗੀ। ਇਸੇ ਤਰ੍ਹਾਂ, ਜੇਕਰ ਕਿਸੇ ਬੱਚੇ ਦੇ ਮਾਤਾ-ਪਿਤਾ ਦੋਵੇਂ ਇਸ ਦੁਨੀਆ ’ਚ ਨਹੀਂ ਹਨ ਤਾਂ ਬੱਚੇ ਦੀ ਕਮਾਈ ਨੂੰ ਉਸ ਦੇ ਕਾਨੂੰਨੀ ਸਰਪ੍ਰਸਤ ਦੀ ਆਮਦਨ ’ਚ ਨਹੀਂ ਜੋੜਿਆ ਜਾਂਦਾ। ਅਜਿਹੀ ਸਥਿਤੀ ’ਚ ਬੱਚੇ ਦਾ ਵੱਖਰੇ ਤੌਰ ’ਤੇ ਆਮਦਨ ਕਰ ਰਿਟਰਨ (ਆਈਟੀਆਰ) ਦਾਖ਼ਲ ਕਰਨਾ ਹੋਵੇਗਾ।
ਇਸ ਤਰ੍ਹਾਂ ਸਮਝੋ ਪੂਰਾ ਹਿਸਾਬ
ਆਮਦਨ ਕਰ ਵਿਭਾਗ ਨੇ ਆਪਣੀ ਵੈੱਬਸਾਈਟ ’ਤੇ ਐੱਫਏਕਿਊ (ਅਕਸਰ ਪੁੱਛੇ ਜਾਣ ਵਾਲੇ ਸਵਾਲ) ਤਹਿਤ ਨਾਬਾਲਗ ਬੱਚੇ ਦੀ ਆਮਦਨ ਨੂੰ ਉਸ ਦੇ ਮਾਤਾ-ਪਿਤਾ ਦੀ ਆਮਦਨ ਨਾਲ ਜੋੜਨ ਦੀ ਉਦਾਹਰਨ ਦਿੱਤੀ ਹੈ। ਮੰਨ ਲਓ- ਰਾਜਾ ਨਾਂ ਦੇ ਇੱਕ ਵਿਅਕਤੀ ਦੇ ਦੋ ਬੱਚੇ ਹਨ। ਇੱਕ ਬੱਚਾ ਸੁਨੀਲ ਬਾਲ ਕਲਾਕਾਰ ਹੈ ਅਤੇ ਦੂਜਾ ਬੱਚਾ ਨੇਪਾਲ ਧਾਰਾ 80ਯੂ ’ਚ ਦੱਸੀਆਂ ਬਿਮਾਰੀਆਂ ਤੋਂ ਪੀੜਤ ਹੈ। ਸੁਨੀਲ ਇੱਕ ਸਾਲ ’ਚ ਸਟੇਜ ਸ਼ੋਅ ਤੋਂ ਇੱਕ ਲੱਖ ਰੁਪਏ ਅਤੇ ਬੈਂਕ ਵਿਆਜ ਤੋਂ ਛੇ ਹਜ਼ਾਰ ਰੁਪਏ ਕਮਾਉਂਦਾ ਹੈ। ਇਸੇ ਤਰ੍ਹਾਂ ਨੇਪਾਲ ਬੈਂਕ ਵਿਆਜ ਤੋਂ ਇੱਕ ਸਾਲ ’ਚ 1.20 ਲੱਖ ਰੁਪਏ ਕਮਾਉਂਦਾ ਹੈ। ਰਾਜਾ ਦੀ ਪਤਨੀ ਦੀ ਕੋਈ ਆਮਦਨ ਨਹੀਂ ਹੈ। ਕਿਉਂਕਿ ਨਾਬਾਲਗ ਬੱਚੇ ਦੀ ਆਮਦਨ ਉਸ (ਮਾਤਾ ਜਾਂ ਪਿਤਾ) ਨਾਲ ਜੋੜੀ ਜਾਂਦੀ ਹੈ, ਜਿਸ ਦੀ ਆਮਦਨ ਵੱਧ ਹੁੰਦੀ ਹੈ। ਅਜਿਹੀ ਸਥਿਤੀ ’ਚ ਜੇਕਰ ਕੋਈ ਆਮਦਨ ਜੋੜੀ ਜਾਣੀ ਹੈ ਤਾਂ ਰਾਜਾ ਦੀ ਆਮਦਨ ਨਾਲ ਜੋੜੀ ਜਾਵੇਗੀ। ਧਾਰਾ 64(1ਏ) ਤਹਿਤ ਸਰੀਰਕ ਮਿਹਨਤ ਜਾਂ ਆਪਣੇ ਹੁਨਰ, ਜਾਣਕਾਰੀ, ਪ੍ਰਤਿਭਾ, ਤਜਰਬੇ ਆਦਿ ਤੋਂ ਹੋਈ ਆਮਦਨ ਨੂੰ ਮਾਤਾ-ਪਿਤਾ ਦੀ ਆਮਦਨ ਨਾਲ ਨਹੀਂ ਜੋੜਿਆ ਜਾਵੇਗਾ। ਇਸ ਲਈ ਸੁਨੀਲ ਦੀ ਸਟੇਜ ਸ਼ੋਅ ਤੋਂ ਹੋਈ ਆਮਦਨ ਨੂੰ ਰਾਜਾ ਦੀ ਆਮਦਨ ਨਾਲ ਨਹੀਂ ਜੋੜਿਆ ਜਾਵੇਗਾ। ਪਰ ਸੁਨੀਲ ਨੂੰ ਬੈਂਕ ਵਿਆਜ ਤੋਂ ਹੋਈ ਛੇ ਹਜ਼ਾਰ ਰੁਪਏ ਦੀ ਆਮਦਨ ਰਾਜਾ ਦੀ ਆਮਦਨ ਨਾਲ ਜੋੜੀ ਜਾਵੇਗੀ। ਧਾਰਾ 80ਯੂ ਤਹਿਤ ਨੇਪਾਲ ਦੀ ਆਮਦਨ ਨੂੰ ਰਾਜਾ ਦੀ ਆਮਦਨ ਨਾਲ ਨਹੀਂ ਜੋੜਿਆ ਜਾਵੇਗਾ। ਅਜਿਹੀ ਸਥਿਤੀ ’ਚ ਰਾਜਾ ਆਮਦਨ ਕਰ ਰਿਟਰਨ ’ਚ ਧਾਰਾ 10(32) ਤਹਿਤ ਸੁਨੀਲ ਦੀ ਵਿਆਜ ਤੋਂ ਹੋਈ ਛੇ ਹਜ਼ਾਰ ਰੁਪਏ ਦੀ ਆਮਦਨ ’ਤੇ 1,500 ਰੁਪਏ ਦੀ ਛੋਟ ਦਾ ਦਾਅਵਾ ਕਰ ਸਕਦਾ ਹੈ ਅਤੇ ਜੋੜੀ ਗਈ ਸ਼ੁੱਧ ਆਮਦਨ (6,000-1,500) 4,500 ਰੁਪਏ ਹੋਵੇਗੀ। ਇਸ ’ਤੇ ਰਾਜਾ ਨੂੰ ਆਪਣੇ ਟੈਕਸ ਸਲੈਬ ਅਨੁਸਾਰ ਟੈਕਸ ਦੇਣਾ ਹੋਵੇਗਾ।